Friday, July 10, 2020
FOLLOW US ON

Article

ਔਰਤ ਦੇ ਕਈ ਰੂਪ/ਕਰਮਜੀਤ ਕੌਰ(ਅੰਜੂ)

September 30, 2019 05:49 PM

ਔਰਤ ਦੇ ਕਈ ਰੂਪ

ਕਹੀ ਦੇ ਟੱਕ ਨਾਲ ਖੇਤ ਦੀਆਂ ਵੱਟਾਂ ਠੀਕ ਕਰਦਾ ਫੱਗਣ ਸਿੰਘ ਮੂੰਹ ਚੋਂ ਕੁਝ ਬੁੜਬੁੜਾਉਂਦਾ ਅਚਾਨਕ ਤੇਜ ਹੋ ਗਿਆ।ਕਾਹਲੀ-ਕਾਹਲੀ ਕਹੀ ਪਿੱਛੋਂ ਤੋਂ ਅੱਗੇ  ਇਸ ਤਰਾਂ ਫੁਰਤੀ ਨਾਲ ਲੈ ਕੇ ਆਉਂਦਾ ਜਿਵੇਂ ਆਪਣੇ ਅੰਦਰ ਦੀ ਭੜਾਸ ਕੱਢ ਰਿਹਾ ਹੋਵੇ ਜਿਵੇਂ ਰੱਬ ਨੂੰ ਵੰਗਾਰ ਰਿਹਾ ਹੋਵੇ, " ਨਾ ਤੂੰ ਸੱਚੀਂ ਬੰਦੇ ਦੇ ਅੰਦਰ ਰਹਿਨਾ,ਜੇ ਰਹਿਨੈ ਤਾਂ...ਬੜਾ ਜਾਲਮ ਐ ਪਤੰਦਰਾ।ਬੇਇਨਸਾਫ਼ੀ ਕਰ ਜਾਨੈ।ਮੇਰੇ ਵਰਗਿਆਂ ਸ਼ਰੀਫਾਂ ਨੂੰ ਤਾਂ ਤੂੰ ਸਮਝਦਾ ਈ ਕੁਝ ਨੀਂ,ਸਗੋਂ ਮੇਰੀ ਘਰਵਾਲੀ ਦੇ ਅੰਦਰ ਬੈਠ...ਦੇਖ ਉਸਨੂੰ ਕਿਵੇਂ ਹੱਲਾਸ਼ੇਰੀ ਦਿੰਨੈ।" ਫੱਗਣ ਦਾ ਕਹੀ ਦਾ ਟੱਕ ਹੋਰ ਤੇਜ ਹੋ ਗਿਆ ਪਰ ਪਾਪੀ ਪੇਟ ਦਾ ਖਿਆਲ ਆਉਂਦੇ ਹੀ ਉਸਦੇ ਹੱਥ ਥਾਈਂ ਰੁਕ ਗਏ।ਭੁੱਖ ਨੇ ਉਸਨੂੰ ਬਹਿਬਲ ਕਰ ਦਿੱਤਾ।ਨਾਲ ਲੱਗਦੇ ਖੇਤ ਦੀ ਬੇਰੀ ਤੋਂ ਕੁਝ ਕੁ ਕੱਚੇ ਪੱਕੇ ਬੇਰ ਤੋੜ ਮੁੜ ਆ ਵੱਟ ਤੇ ਬੈਠ ਗਿਆ।ਖਿਲਾਰਾ ਜਿਹਾ ਪੈ ਗਿਆ ਉਸਦੇ ਅੰਦਰ ਕੁਝ ਅਣਕਹੇ ਸ਼ਬਦਾਂ ਦਾ ਜੋ ਉਹ ਆਪਣੀ ਪਤਨੀ ਨੂੰ ਉਦੋਂ ਕਹਿਣਾ ਚਾਹੁੰਦਾ ਸੀ,ਜਦੋਂ ਕੱਪੜੇ ਨਾ ਧੋਤੇ ਹੋਣ ਦਾ ਕਾਰਨ ਪੁੱਛਣ ਤੇ ਉਸਨੇ ਕਿਹਾ ਸੀ..." ਨਾ ਭਲਿਆ ਮਾਣਸਾ,ਪਟਵਾਰੀ ਲੱਗਿਐਂ।ਕੱਪੜੇ ਧੋਤੇ ਚਾਹੀਦੇ ਨੇ,ਜਿਹੋ ਜਿਹੇ ਹੈਗੇ ਪਾ ਲੈ ਚੁੱਪ ਕਰਕੇ।" ਪਤਾ ਨਹੀਂ ਕਿਉਂ ਉਸ ਸਮੇਂ ਉਸਦੇ ਮੂੰਹ ਵਿੱਚ ਚੰਦਰੀ ਚੁੱਪ ਆ ਗਈ ਕਿ ਉਹ ਬਿਨਾ ਕੁਝ ਖਾਧੇ ਪੀਤੇ ਮੈਲੇ ਜਿਹੇ ਕੱਪੜੇ ਪਾ,ਮੋਢੇ ਤੇ ਕਹੀ ਰੱਖ,ਖੇਤ ਵੱਲ ਨੂੰ ਹੋ ਤੁਰਿਆ।ਇੰਝ ਕਦੇ-ਕਦੇ ਉਹ ਮੌਨਧਾਰੀ ਸਾਧ ਜਿਹਾ ਲੱਗਦਾ ਤੇ ਕਦੇ-ਕਦੇ ਬੰਜਰ ਜਮੀਨ ਵਰਗਾ ਜਿਸ ਦੇ ਅੰਦਰ ਕਿੰਨਾ ਕੁਝ ਦੱਬਿਆ ਹੁੰਦਾ ਹੈ ਪਰ ਉਹ ਪੱਥਰ ਬਣ ਕੁਝ ਵੀ ਨਹੀਂ ਉਗਲਦੀ ਸਭ ਕੁਝ ਆਪਣੇ ਅੰਦਰ ਸਮਾ ਲੈਂਦੀ ਹੈ।
                 " ਮਲੰਗ ਨਾ ਹੋਵੇ ਤਾਂ,ਜਿੱਦਣ ਦੀ ਵਿਆਹ ਕੇ ਆਈ ਆਂ...ਮਾਂ ਦੇ ਪੁੱਤ ਨੇ ਕਦੇ ਕੋਈ ਸ਼ੌਂਕ ਪੂਰਾ ਨਹੀਂ ਕੀਤਾ।ਇਹਨੀਂ ਸੋਹਣੀ ਧੀ ਮੈਂ ਮਾਪਿਆਂ ਦੀ...ਪਰੀਆਂ ਵਰਗੀ!ਮੇਰੀ ਤਾਂ ਕਿਸਮਤ ਫੁੱਟ ਗਈ ਜੋ ਮੈਂ ਵਿਆਹ ਕੇ ਤੇਰੇ ਘਰ ਆ ਗਈ।ਮਰ ਜੇ ਉਹ ਵਿਚੋਲਣ ਜਿਸ ਨੇ ਮੇਰੇ ਸੰਘੀ ਅੰਗੂਠਾ ਦੇ ਦਿੱਤਾ।ਮੈਂ ਰੱਜੀ ਮਾਪਿਆਂ ਦੀ ਧੀ,ਮਣਾ ਮੂੰਹੀਂ ਚੀਜ ਆਉਂਦੀ ਐ ਸਾਡੇ ਘਰ,ਤੂੰ ਆ ਕੀ ਪਾਈਆ-ਪਾਈਆ ਸਬਜੀ ਲਿਫਾਫੇ ਵਿੱਚ ਪਾ ਲਿਆਉਨੈ।" ਬੰਤੋ ਦੇ ਰਾਤੀਂ ਬੋਲੇ ਇਹ ਰੁੱਖੇ ਜਿਹੇ ਸ਼ਬਦ ਉਸਦੇ ਕੰਨਾਂ ਵਿੱਚ ਅਜੇ ਵੀ ਗੂੰਜ ਰਹੇ ਸਨ।ਖਾਲੀ ਕਮਰੇ ਵਿੱਚ ਬੋਲੇ ਗਏ ਬੋਲਾਂ ਵਾਂਗ ਵਾਪਸ ਪਰਤ ਉਸਦੀ ਹੀ ਸੰਘੀ ਘੁੱਟਦੇ ਪ੍ਰਤੀਤ ਹੁੰਦੇ ਸਨ।ਉਸਦੇ ਰੁੱਖੇ ਜਿਹੇ ਬੋਲ ਸੁਣ ਕੰਧਾਂ ਦੇ ਵੀ ਕੰਨ ਨਿੱਕਲ ਆਏ ਸਨ।ਕੰਧ ਨਾਲ ਕੰਨ ਲਾ ਕੇ ਗੁਆਂਢਣਾਂ ਫੱਗਣ ਦੇ ਵਿਹੜੇ ਦੀ ਕਨਸੋਅ ਕਿੰਨਾ ਹੀ ਚਿਰ ਲੈਂਦੀਆਂ ਰਹੀਆਂ।
               ਬੰਤੋ ਸ਼ੀਹਣੀ ਦੀ ਤਰਾਂ ਗਰਜਦੀ ਰਹੀ।ਕੋਲਿਆਂ ਵਾਂਗ ਹੌਲ਼ੀ-ਹੌਲ਼ੀ ਭਖਦੀ ਰਹੀ।ਪ੍ਰਚੰਡ ਅਗਨੀ ਵਿੱਚ ਉਸਨੇ ਛੋਟੇ ਬਾਲਾਂ ਦੇ ਢਿੱਡ ਵੀ ਸਾੜ ਸੁੱਟੇ ਤੇ ਫੱਗਣ ਸਿੰਘ ਉਸ ਰਾਤ ਵੀ ਚੁੱਪ ਕਰਕੇ ਸੁਣਦਾ ਰਿਹਾ।ਦੋ ਧੀਆਂ ਦਾ ਪਿਉ ਫੱਗਣ ਸਿੰਘ ਸਾਰੀ ਰਾਤ ਆਪਣੇ ਆਪ ਨਾਲ ਲੜਦਾ ਰਿਹਾ।ਆਪਣੇ ਆਪ ਨੂੰ ਕਹਾਣੀਆਂ ਸੁਣਾਉਂਦਾ ਰਿਹਾ।ਉਸਦੀਆਂ ਪਾਈਆਂ ਕਹਾਣੀਆਂ ਦਾ ਹੁੰਗਾਰਾ ਭਰਨ ਵਾਲਾ ਤਾਂ ਕੋਲ ਕੋਈ ਨਹੀਂ ਸੀ ਪਰ ਹੰਝੂਆਂ ਨੇ ਰਾਤ ਭਰ ਉਸ ਦਾ ਸਾਥ ਦਿੱਤਾ।
          ਔਰਤ ਦੇ ਵੀ ਸੱਚੀਂ ਕਈ ਰੂਪ ਹੁੰਦੇ ਨੇ।ਇੱਕ ਮੇਰੀ ਮਾਂ ਵਿਚਾਰੀ,ਮੇਰਾ ਪਿਉ ਜੇ ਕਦੇ ਪੈੱਗ ਲਾ ਕੇ ਅੱਧੀ ਰਾਤ ਵੀ ਘਰ ਆ ਜਾਂਦਾ ਤਾਂ ਭੁੱਖਾ ਨਹੀਂ ਸੌਣ ਦਿੰਦੀ ਸੀ ਤੇ ਮੇਰੀ ਸ਼ਰਾਫਤ ਦਾ ਅੱਜ ਮੈਨੂੰ ਇਹ ਮੁੱਲ ਮਿਲ ਰਿਹਾ।ਫਿਰ ਆਪਣੇ ਨੂੰ ਕੋਸਦਾ ਹੋਇਆ ਕਹਿੰਦਾ," ਓਏ ਸੌਂ ਜਾ ਸਹੁਰੀ ਦਿਆ ਹੁਣ,ਕੱਲ ਨੂੰ ਕੰਮ ਤੇ ਵੀ ਜਾਣਾ।" ਪਰ ਉਸ ਸਾਰੀ ਰਾਤ ਅੱਖਾਂ ਵਿੱਚ ਲੰਘਾ ਛੱਡੀ।ਵੱਟ ਤੇ ਬੈਠਾ ਫੱਗਣ ਆਪਣਾ ਢਿੱਡ ਮਲੀ ਜਾ ਰਿਹਾ ਸੀ।ਪਰ ਕਮ ਤਾਂ ਕਰਨਾ ਹੀ ਪੈਣਾ ਸੀ।ਇੰਨਾ ਕੁ ਤਾਂ ਉਹ ਕਮਾ ਹੀ ਲੈਂਦਾ ਸੀ ਕਿ ਬੱਚਿਆਂ ਦਾ ਢਿੱਡ ਭਰ ਸਕੇ।ਪੈਰਾਂ ਵਿੱਚ ਪਾਏ ਥੱਲੋਂ ਟੁੱਟੇ ਹੋਏ ਤਲੇ ਵਾਲੇ ਜੁੱਤਿਆਂ ਦੀ ਉਸਨੂੰ ਕੋਈ ਪਰਵਾਹ ਨਹੀਂ ਸੀ।ਪਰ ਬੱਚਿਆਂ ਦੀਆਂ ਖਵਾਹਿਸ਼ਾਂ ਝੱਟ ਪੂਰੀਆਂ ਕਰ ਦਿੰਦਾ।ਔਖਾ-ਸੌਖਾ ਜਿਹਾ ਹੋ ਕਹੀ ਦਾ ਟੱਕ ਲਗਾਉਂਦਿਆਂ ਉਸਦੀ ਨਜ਼ਰ ਆਪਣੀਆਂ ਧੀਆਂ ਤੇ ਪਈ।ਥਾਂਈ ਕਹੀ ਸੁੱਟ ਗੁੱਸੇ ਵਿੱਚ ਬੋਲਿਆ, " ਨਾ ਇੱਥੇ ਕੀ ਕਰਨ ਆਈਓਂ ਕੱਲੀਆਂ ਖੇਤ ਵਿੱਚ ਥੋਡੀ ਮਾਂ ਨੇ ਨੀ ਥੋਨੂੰ ਰੋਕਿਆ,ਜਾਓ ਭੱਜ ਜਾਓ ਘਰੇ।" ਸਹਿਮੇ ਜਿਹੇ ਬੱਚੇ ਕੁੱਝ ਨਾ ਬੋਲੇ ਤੇ ਉਥੋਂ ਦੌੜ ਗਏ।ਫੱਗਣ ਆਪਣਾ ਹੱਥ ਵਾਲਾ ਕੰਮ ਛੱਡ ਉਦੋਂ ਤੱਕ ਉਹਨਾਂ ਨੂੰ ਜਾਂਦਿਆਂ ਨੂੰ ਦੇਖਦਾ ਰਿਹਾ,ਜਦੋਂ ਤੱਕ ਉਹ ਅੱਖਾਂ ਤੋਂ ਓਝਲ ਨਾ ਹੋ ਗਈਆਂ।
                                         ਹੁਣ ਫੱਗਣ ਨੇ ਨਮੋਸ਼ੀ ਵਿੱਚ ਕਹੀ ਪਾਸੇ ਸੁੱਟ ਪੈਰਾਂ ਵਿੱਚ ਪਏ ਵੱਡੇ ਰੋੜੇ ਨੂੰ ਠੋਕਰ ਮਾਰੀ।ਟਣ-ਟਣ ਦੀ ਆਵਾਜ਼ ਸੁਣ ਉਸਨੇ ਤ੍ਰਿਭਕ ਕੇ ਇੱਧਰ-ਉੱਧਰ ਦੇਖਿਆ।ਉਸਦੀ ਨਜ਼ਰ ਵੱਟ ਤੇ ਪਏ ਮੈਲੇ ਜਿਹੇ ਥੈਲੇ ਤੇ ਗਈ ਜੋ ਉਸ ਸਮੇਂ ਡਰ ਕੇ ਭੱਜਦਿਆਂ ਤੋਂ ਵੱਡੀ ਕੁੜੀ ਦੇ ਹੱਥਾਂ ਵਿੱਚੋਂ ਨਿੱਕਲ ਕੇ ਡਿੱਗ ਪਿਆ ਸੀ।ਜਦੋਂ ਉਸਨੇ ਵੱਡੀ ਕੁੜੀ ਨੂੰ ਬਾਂਹ ਤੋਂ ਫੜ੍ਹ ਕੇ ਜੋਰ ਨਾਲ ਹਿਲਾਉਂਦਿਆਂ ਕਿਹਾ ਸੀ," ਨਾ ਤੂੰ ਤਾਂ ਵੱਡੀ ਐਂ ਕਿਉਂ ਲੈ ਕੇ ਆਈ ਐਂ ਇੱਥੇ ਇਹਨੂੰ।" ਫੱਗਣ ਸਿੰਘ ਨੇ ਥੈਲੇ ਵਿੱਚ ਪਏ ਦੋ ਡੱਬੀਆਂ ਵਾਲੇ ਸਟੀਲ ਦੇ ਡੱਬੇ ਨੂੰ ਬਾਹਰ ਕੱਢਿਆ,ਖੋਲ ਕੇ ਦੇਖਿਆ ਤਾਂ ਉਸ ਵਿੱਚ ਖਾਣਾ ਦੇਖ ਕੇ ਬਹੁਤ ਖੁਸ਼ ਹੋਇਆ ਤੇ ਮੁਸਕਰਾ ਕੇ ਕਹਿੰਦਾ," ਵਾਹ ਨੀ ਬੰਤੋ! ਨਾਲੇ ਤਾਂ ਮੇਰੇ ਨਾਲ ਲੜਦੀ ਐਂ ਤੇ ਨਾਲੇ ਮੇਰੇ ਬਿਨਾਂ ਰਹਿੰਦੀ ਨੀ,ਮੈਂ ਭੁੱਖਾ ਹੋਵਾਂਗਾ ਮੇਰੀ ਫਿਕਰ ਚ ਕਾਹਲੀ ਨਾਲ ਰੋਟੀ ਤੇ ਸਬਜੀ ਇੱਕ ਕਰ ਦਿੱਤੀ।" ਰੋਟੀ ਦੀਆਂ ਚੰਦ ਬੁਰਕੀਆਂ ਨੂੰ ਖਾ ਕਾਹਲੀ ਨਾਲ ਆਪਣਾ ਕੰਮ ਨਿਪਟਾ ਕਹੀ ਮੋਢੇ ਤੇ ਰੱਖ ਘਰ ਨੂੰ ਹੋ ਤੁਰਿਆ।
             ਪਿਉ ਨੂੰ ਛੇਤੀ ਘਰ ਆਏ ਦੇਖ ਕੁੜੀਆਂ ਖੁਸ਼ ਹੋਈਆਂ ਬਾਪੂ-ਬਾਪੂ ਕਹਿੰਦੀਆਂ ਉਸ ਦੀਆਂ ਲੱਤਾਂ ਨਾਲ ਚਿੰਬੜ ਗਈਆਂ।ਫੱਗਣ ਵਿਹੜੇ ਵਿੱਚ ਖੜੀ ਬੰਤੋ ਵੱਲ ਦੇਖ ਕੇ ਮੁਸਕਰਾਇਆ।ਉਸ ਦੀ ਮੁਸਕਰਾਹਟ ਦੇ ਜਵਾਬ ਵਿੱਚ ਬੰਤੋ ਨੇ ਬੋਲਣਾ ਸ਼ੁਰੂ ਕਰ ਦਿੱਤਾ ਅਖੇ," ਨਾ ਆ ਗਿਆ ਹੁਣ ਜਲਦੀ ਜਦੋਂ ਲੱਗੀ ਖੁੱਡੇ ਨੂੰ ਅੱਗ,ਕਰਾਤੀ ਨਾ ਨਾਨੀ ਚੇਤੇ ਭੁੱਖ ਨੇ।" ਫੱਗਣ ਹੈਰਾਨ ਹੁੰਦਾ ਹੋਇਆ ਕਹਿੰਦਾ," ਤੇ ਉਹ ਰੋ...(ਵੱਡੀ ਕੁੜੀ ਮੂੰਹ ਤੇ ਉਂਗਲ ਰੱਖ ਇਸ਼ਾਰੇ ਨਾਲ ਚੁੱਪ ਕਰਾਉਂਦੀ ਐ) ਫੱਗਣ ਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਨੇ ਤੇ ਸਬਜੀ ਨਾਲ ਲਿੱਬੜੀਆਂ ਰੋਟੀਆਂ ਦੀ ਸਾਰੀ ਕਹਾਣੀ ਹੁਣ ਸਪਸ਼ਟ ਹੋ ਚੁੱਕੀ ਹੈ।
                                                             
                                                                           

                         ਕਰਮਜੀਤ ਕੌਰ(ਅੰਜੂ)
                              ਮਾਨਸਾ

Have something to say? Post your comment