Friday, July 10, 2020
FOLLOW US ON

Poem

ਦੀਵਾਲੀ ਦੀਆਂ ਵਧਾਈਆਂ..//ਮੱਖਣ ਸ਼ੇਰੋਂ ਵਾਲਾ

October 26, 2019 10:45 PM
ਉੱਜੜ ਰਿਹਾ ਮੇਰਾ ਪੰਜਾਬ ਪਿਆਰਾ,
ਥੱਕ ਗਿਆ ਕੋਈ ਨਾ ਚੱਲੇ ਚਾਰਾ,,
ਰੰਗਲਾ ਸੀ ਜੋ ਗੰਧਲਾ ਹੋ ਗਿਆ,
ਹੁਣ ਰੌਣਕਾਂ ਕਿੱਥੋਂ ਭਾਲੀ ਦੀਆਂ,
ਕਿਹੜੇ ਹੌਂਸਲੇ ਦੇਵਾਂ ਦੋਸਤੋ,
ਦੱਸੋ ਵਧਾਈਆਂ ਥੋਨੂੰ ਦੀਵਾਲੀ ਦੀਆਂ,,
 
ਭਾਰੀ ਸਿਆਸਤ ਦੇ ਪੱਲੇ ਹੋ ਗਏ,
ਨਾਲ ਕੁੱਝ ਪਿੰਡਾਂਂ ਦੇ ਦੱਲੇ ਹੋ ਗਏ,
ਆਹੁਦੇ ਲੈ ਭੁੱਲੇ ਹਲਾਤ ਬੁਰੇ ਜੋ,
ਜਵਾਨੀ ਵੇਖ ਪੈੜਾ ਚੁੱਕਣ ਕਾਹਲੀ ਦੀਆਂ,
ਕਿਹੜੇ ਹੌਂਸਲੇ ਦੇਵਾਂ ਦੋਸਤੋ,
ਦੱਸੋ ਵਧਾਈਆਂ ਥੋਨੂੰ ਦੀਵਾਲੀ ਦੀਆਂ,,
 
ਸੁਣਦਾ ਹਾਂ ਘਰਾਂ ਚੋਂ ਵੈਣਾਂ ਨੂੰ,
ਤੜਫਦੀਆਂ ਵੇਖਾਂ,ਮਾਵਾਂ ਭੈਣਾਂ ਨੂੰ
ਪਿਓ ਵੀ ਅਰਥੀ ਚੁੱਕ ਤੁਰੇ ਮਸਾਂ,
ਕਿਵੇ ਕੂਕਾਂ ਸੁਣਾਂ ਘਰ ਵਾਲੀ ਦੀਆਂ,
ਕਿਹੜੇ ਹੌਂਸਲੇ ਦੇਵਾਂ ਦੋਸਤੋ,
ਦੱਸੋ ਵਧਾਈਆਂ ਥੋਨੂੰ ਦੀਵਾਲੀ ਦੀਆਂ,,
 
ਗਲੀ ਵਿਹੜੇ ਵਿੱਚ ਸੋਗ ਪਿਆ,
ਇੱਕ ਦੇ ਫੁੱਲ ਇੱਕ ਭੋਗ ਪਿਆ,
ਚਿੱਟੇ ਨੇ ਸੱਥਰ ਵਿਛਾਏ ਬੜ੍ਹੇ,
ਕਿੱਥੋਂ ਅਣਆਈਆਂ ਟਾਲੀਂ ਦੀਆਂ,
ਕਿਹੜੇ ਹੌਂਸਲੇ ਦੇਵਾਂ ਦੋਸਤੋ,
ਦੱਸੋ ਵਧਾਈਆਂ ਥੋਨੂੰ ਦੀਵਾਲੀ ਦੀਆਂ,,
 
ਪੁੱਛੋ ਕਰਜ਼ੇ ਚ ਡੁੱਬੇ ਪਰਿਵਾਰਾਂ ਨੂੰ,
ਵੇਖ ਦਾ ਡਾਗਾਂ ਖਾਂਦੇ ਬੇਰੁਜ਼ਗਾਰਾਂ ਨੂੰ,
ਬਜੁਰਗਾਂ ਦਾ ਜਿਓਂਣਾ ਹਰਾਮ ਹੋਇਆ,
ਟਿੱਚਰਾਂ ਜਨਤਾਂ ਨੂੰ ਜਿਵੇਂ ਜੀਜੇ ਸਾਲੀ ਦੀਆਂ,
ਕਿਹੜੇ ਹੌਂਸਲੇ ਦੇਵਾਂ ਦੋਸਤੋ,
ਦੱਸੋ ਵਧਾਈਆਂ ਥੋਨੂੰ ਦੀਵਾਲੀ ਦੀਆਂ,,
 
ਹੱਕ ਮਿਲਣ ਨਾ ਇੱਥੇ ਮਜਦੂਰਾਂ ਨੂੰ,
ਲੈ ਕੇ ਦਿਹਾੜੀ ਤੁਰਨ ਬਲੂਰਾਂ ਨੂੰ,
ਮਾਂ ਵੇਖਾਂ ਬੱਚਾ ਛੱਡ ਰੋੜੀ ਕੁੱਟਦੀ,,
ਭੁੱਖੇ ਰਹਿ ਕੇ ਦੁਪਿਹਰਾਂ ਢਾਲੀ ਦੀਆਂ,
ਕਿਹੜੇ ਹੌਂਸਲੇ ਦੇਵਾਂ ਦੋਸਤੋ,
ਦੱਸੋ ਵਧਾਈਆਂ ਥੋਨੂੰ ਦੀਵਾਲੀ ਦੀਆਂ,,
 
ਹਰ ਪਿੰਡ ਦੀਆਂ ਹਾਲਤਾਂ ਮਾੜੀਆਂ ਨੇ,
ਆਹੁਦੇਦਾਰਾਂ ਨੇ ਐਵੇਂ ਮੁੱਛਾਂ ਚਾੜੀਆਂ ਨੇ,
ਮੱਖਣ ਸ਼ੇਰੋਂ ਆਖੇ ਦੀਵੇ ਹੋ ਗੁੱਲ ਗਏ,
ਇੱਥੇ ਹੁਣ ਇੱਜ਼ਤਾਂ ਨਾ ਸੰਭਾਲੀ ਦੀਆਂ,
ਕਿਹੜੇ ਹੌਂਸਲੇ ਦੇਵਾਂ ਦੋਸਤੋ,
ਦੱਸੋ ਵਧਾਈਆਂ ਥੋਨੂੰ ਦੀਵਾਲੀ ਦੀਆਂ,,
ਮੱਖਣ ਸ਼ੇਰੋਂ ਵਾਲਾ
98787 98726
Have something to say? Post your comment