Friday, July 10, 2020
FOLLOW US ON

Poem

ਵਿੱਦਿਆ ਦੀ ਜੈਕਾਰ/ ਪ੍ਰੋ. ਨਵ ਸੰਗੀਤ ਸਿੰਘ

November 04, 2019 10:34 PM
  
 
ਕਰੀਏ ਵਿੱਦਿਆ ਦੀ  ਜੈਕਾਰ, ਜਿਸਦੇ ਬੇਸ਼ੁਮਾਰ ਉਪਕਾਰ। ਅਨਪੜ੍ਹ ਸਦਾ ਹੀ ਫਾਡੀ ਰਹਿੰਦਾ, ਪੱਲੇ ਪੈਂਦੀ ਹਾਰ।
 
ਵਿੱਦਿਆ ਧਨ ਹੈ ਐਸਾ, ਜਿਸਨੂੰ ਚੋਰ ਚੁਰਾ ਨਹੀਂ ਸਕਦਾ
ਅੱਗ ਵੀ ਸਾੜ ਨਾ ਸਕਦੀ ਜੀਹਨੂੰ, ਪਾਣੀ ਸਕੇ ਨਾ ਠਾਰ।
 
ਬਿਨ ਵਿੱਦਿਆ ਦੇ ਕੁੱਝ ਨਾ ਦਿੱਸੇ, ਜਾਪੇ ਘੁੱਪ ਹਨੇਰਾ
ਇਹਦੀ ਇੱਕ ਚਿਣਗ ਨਾਲ ਹੋ 'ਜੇ, ਰੌਸ਼ਨ ਕੁੱਲ ਸੰਸਾਰ।
 
ਪੜ੍ਹ ਕੇ ਵਿੱਦਿਆ ਸੇਵਾ ਕਰੀਏ, ਮਾਣ ਨਾ ਕਰੀਏ ਖ਼ੁਦ 'ਤੇ
ਏਹੋ ਉੱਚੀ ਭਗਤੀ, ਏਹੋ ਗੁਰੂ ਗ੍ਰੰਥ ਦਾ ਸਾਰ।
 
ਕੁੜੀਆਂ ਨੂੰ ਵੀ ਵਿੱਦਿਆ ਵੰਡੀਏ, ਦੱਸੀਏ ਇਹਦੀ ਸ਼ਕਤੀ
ਨਿਰਅੱਖਰਾਂ ਨੂੰ ਸਾਖਰ ਕਰੀਏ, ਲਓ ਉਨ੍ਹਾਂ ਦੀ ਸਾਰ।
 
ਲੋਭ- ਲਾਲਚ ਨੂੰ ਦਿਲੋਂ ਮਿਟਾਈਏ, ਪੜ੍ਹੀਏ ਵਿੱਦਿਆ ਐਸੀ
ਵਿੱਦਿਆ- ਦਾਨ ਜੋ ਕਰਦੇ, ਹੁੰਦਾ ਹਰ ਥਾਂ ਤੇ ਸਤਿਕਾਰ।
 
ਬੱਚੇ ਸਾਰੇ ਦੇਸ਼ ਦੇ ਮੇਰੇ, ਪੜ੍ਹਨਾ- ਲਿਖਣਾ ਸਮਝਣ
ਕਰਾਂ ਦੁਆ ਸਭ ਨੂੰ ਮਿਲ ਜਾਵੇ, ਵਿੱਦਿਆ ਦਾ ਅਧਿਕਾਰ।
 
ਬਣ ਅਧਿਆਪਕ ਚਾਨਣ ਵੰਡਾਂ, ਮਹਿਕਾਂ ਤੇ ਮਹਿਕਾਵਾਂ
ਕਦੇ ਨਾ ਹਉਮੈ ਨੇੜੇ ਆਵੇ, ਬਖ਼ਸ਼ੀਂ ਹੇ ਕਰਤਾਰ!
 
ਆਓ, ਸਾਰੇ ਘਰ ਵਿੱਚ ਆਪਾਂ, ਬਾਲੀ਼ਏ ਵਿੱਦਿਆ ਦੀਵੇ
ਅਰਥ ਜੋ ਇਹਦਾ ਜਾਣੇ, ਹੋਵੇ ਉਹਦੀ ਜੈ- ਜੈਕਾਰ।
 
'ਰੂਹੀ' ਵਾਂਗਰ ਸਾਰੇ ਮੰਨੀਏ, ਵਿੱਦਿਆ ਨੂੰ ਇੱਕ ਗਹਿਣਾ
ਪੜ੍ਹ ਕੇ ਉੱਚੀ ਮੰਜ਼ਿਲ ਪਾਈਏ, ਬਣੀਏ ਖ਼ੁਦਮੁਖ਼ਤਾਰ।
================================
 # ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302
    (ਬਠਿੰਡਾ)   9417692015. 
Have something to say? Post your comment