Article

" ਯਾਦਾਂ ਨੋਟ ਬੰਦੀ ਦੇ ਦਿਨਾਂ ਦੀਆਂ.!" (ਇਕ ਵਿਅੰਗਮਈ ਲੇਖ ) ਲੇਖਕ :ਮੁਹੰਮਦ ਅੱਬਾਸ ਧਾਲੀਵਾਲ

November 08, 2019 02:37 PM
 
 
" ਯਾਦਾਂ ਨੋਟ ਬੰਦੀ ਦੇ ਦਿਨਾਂ ਦੀਆਂ.!" (ਇਕ ਵਿਅੰਗਮਈ ਲੇਖ ) 
 
ਨਸ-ਬੰਦੀ, ਸ਼ਰਾਬ-ਬੰਦੀ, ਨਾਕਾ-ਬੰਦੀ, ਘੇਰਾ-ਬੰਦੀ, ਸਿਹਰਾ-ਬੰਦੀ ਅਤੇ ਜੰਗ-ਬੰਦੀ ਸ਼ਬਦਾਂ ਬਾਰੇ ਤਾਂ ਅਕਸਰ ਸੁਣਦੇ ਆਏ ਹਾਂ, ਪਰੰਤੂ  ਤਿੰਨ ਸਾਲ ਪਹਿਲਾਂ ਅੱਠ ਨਵੰਬਰ ਨੂੰ ਰਾਤ ਅੱਠ ਵਜੇ ਜਿਵੇਂ ਹੀ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਰਾਸ਼ਟਰ ਦੇ ਨਾਂ ਆਪਣੇ  ਸੰਦੇਸ਼ ਰਾਹੀਂ ਸਰਜੀਕਲ ਸਟਰਾਈਕ ਅੰਦਾਜ਼ ਵਿੱਚ ਨੋਟ-ਬੰਦੀ ਦਾ ਐਲਾਨ ਕੀਤਾ ਤਾਂ ਮੰਨੋ ਦੇਸ਼ ਦੇ ਹਰ ਆਮ-ਖਾਸ ਨਾਗਰਿਕ ਨੂੰ  “ਏਕ ਜ਼ੋਰ ਕਾ ਝਟਕਾ ਧੀਰੇ ਸੇ ਲਗਾ”। ਰਾਤ ਤਾਂ ਜਿਵੇਂ ਤਿਵੇਂ ਕੱਟ ਲਈ, ਲੇਕਿਨ ਸਵੇਰ ਹੁੰਦੇ ਹੀ ਇਸ ਝਟਕੇ ਦੀ ਸ਼ਿੱਦਤ ਦਾ ਅਹਿਸਾਸ ਸਾਨੂੰ ਉਦੋਂ ਹੋਇਆ, ਜਦੋਂ ਅਸੀਂ ਦੁੱਧ ਵਾਲੇ ਨਾਲ ਉਸਦੇ ਮਹੀਨੇ ਦਾ ਹਿਸਾਬ ਕਰਦਿਆਂ ਉਸ ਨੂੰ 500-500 ਰੁਪਏ ਦੇ ਚਾਰ ਨੋਟ ਫੜਾਏ। ਉਸਨੇ ਘੂਰ ਕੇ ਵੇਖਦਿਆਂ ਨੋਟ ਸਾਨੂੰ ਇਸ ਪ੍ਰਕਾਰ ਵਾਪਸ ਕੀਤੇ ਜਿਵੇਂ ਅਸੀਂ ਉਸ ਨੂੰ ਚੂਰਨ ਦੀਆਂ ਪੁੜੀਆਂ ਨਿਕਲਣ ਵਾਲੇ ਜਾਅਲੀ ਜਾਂ ਨਕਲੀ ਨੋਟ ਫੜਾ ਦਿੱਤੇ ਹੋਣ ਅਤੇ ਕਿਹਾ, “ਬਾਬੂ ਜੀ, ਅਬ ਯੇ ਨੋਟ ਨਹੀਂ ਚਲੇਂਗੇ।” ਅਸੀਂ ਉਸ ਨੂੰ ਬੜੀ ਮੁਸ਼ਕਿਲ ਨਾਲ ਸਮਝਾਇਆ ਕਿ ਹਾਲੇ ਤਾਂ ਇਹ ਨੋਟ ਪੰਜਾਹ ਦਿਨ ਤੱਕ ਧੜੱਲੇ ਨਾਲ ਚਲੱਣਗੇ। ਬਹੁਤ ਬਹਿਸ ਕਰਨ ਉਪਰੰਤ ਅਸੀਂ ਆਪਣੀ ਗਾੜ੍ਹੇ ਖੂਨ ਪਸੀਨੇ ਦੀ ਕਮਾਈ ਵਾਲੇ ਨੋਟ ਉਸ ਦੁੱਧ ਵਾਲੇ ਨੂੰ ਲੈਣ ਲਈ ਰਜ਼ਾ-ਮੰਦ ਕੀਤਾ। ਉਸਨੇ ਵੀ ਜਿਵੇਂ ਦਿਲ ’ਤੇ ਪੱਥਰ ਰੱਖਦਿਆਂ ਨੋਟਾਂ ਨੂੰ ਸਾਥੋਂ ਲੈ ਕੇ ਆਪਣੇ ਗੱਲੇ ਵਿਚ ਇਸ ਤਰ੍ਹਾਂ ਸੁਟਿਆ ਜਿਵੇਂ ਹੁਣ ਇਹ ਕੋਈ ਕਾਗਜ਼ ਦੇ ਬੇਕਾਰ ਟੁਕੜੇ ਹੋਣ।
 
ਉਸ ਤੋਂ ਬਾਅਦ ਜਿਵੇਂ ਹੀ ਦਿਨ ਨਿਕਲਿਆ ਤਿਵੇਂ ਹੀ ਸਾਡੀਆਂ ਪ੍ਰੀਖਿਆਵਾਂ ਦਾ ਦੌਰ ਸ਼ੁਰੂ ਹੋ ਗਿਆ। ਸਵੇਰੇ ਕਰੀਬ ਦਸ ਵੱਜੇ ਹੋਣਗੇ ਕਿ ਗਲੀ ਵਿੱਚ ਇਕ ਸਬਜ਼ੀ ਵਾਲੇ ਨੇ ਹੋਕਾ ਲਾਇਆ ਤਾਂ ਸਾਡੀ ਗ੍ਰਹਿ-ਮੰਤਰੀ ਭਾਵ ਮੇਰੀ ਇਕਲੌਤੀ ਪਤਨੀ ਨੇ ਸਬਜ਼ੀ ਖਰੀਦਣ ਦੇ ਮਕਸਦ ਨਾਲ ਫੇਰੀ ਵਾਲੇ ਨੂੰ ਰੋਕਿਆ ਅਤੇ ਤਮਾਮ ਸਬਜ਼ੀਆਂ ਦੇ ਰੇਟ ਪਤਾ ਕਰਨ ਉਪੰਰਤ  ਬੈਂਗਣ, ਭਿੰਡੀ ਅਤੇ ਆਲੂਆਂ  ਨੂੰ ਤੁਲਵਾਉਣ ਲਈ  ਕੱਢਣਾ ਸ਼ੁਰੂ ਕੀਤਾ, ਤਾਂ ਸਬਜ਼ੀ ਵਾਲੇ ਭਈਯੇ ਨੇ ਮੇਰੇ ਘਰ ਆਲੀ ਨੂੰ ਵਿੱਚੋਂ ਹੀ ਟੋਕਦਿਆਂ  ਹੁਕਮ ਦੇਣ ਦੇ ਅੰਦਾਜ਼ ਵਿੱਚ ਕਿਹਾ, “ਬਹਿਣ ਜੀ, ਸਬਜ਼ੀ ਜਿਤਨੀ ਜੀ ਚਾਹੇ ਖਰੀਦ ਲੇਂ, ਲੇਕਿਨ ਆਪ ਸੇ 500 ਯਾ ਹਜ਼ਾਰ ਕਾ ਨੋਟ ਮੈਂ ਹਰਗਿਜ਼ ਨਹੀਂ ਲੂੰਗਾ।” ਉੱਧਰ ਪਤਨੀ ਦੇ ਹੱਥ ਵਿੱਚ ਕੇਵਲ ਇੱਕੋ ਇੱਕ 1000 ਦਾ ਨੋਟ ਹੀ ਸੀ। ਜਦ ਸਬਜ਼ੀ ਵਾਲੇ ਭਈਯੇ ਦੀ ਨਜ਼ਰ ਉਸ ਨੋਟ ਉੱਪਰ ਪਈ ਤਾਂ ਉਹ ਗਲੀ ਵਿੱਚੋਂ ਰੇੜ੍ਹੀ ਲੈ ਕੇ ਇਸ ਤਰ੍ਹਾਂ ਦੋੜਿਆ ਜਿਵੇਂ ਹੱਥ ਚ ਰੋੜਾ ਵੇਖ ਕੁੱਤਾ ਦੌੜਦਾ ਹੈ ਤੇ ਉਸਨੂੰ ਇੰਝ ਦੋੜਦਿਆਂ ਵੇਖ  ਮੇਰੀ ਪਤਨੀ ਦੇ ਸਾਰੇ ਅਰਮਾਨ ਦਿਲ ਦੇ ਅਰਮਾਨ ਜਿਵੇਂ  ਹੰਝੂਆਂ ਵਿਚ ਬਹਿ ਗਏ ...!
 
ਸਾਡੇ ਬੱਚੇ ਇਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਹਨ ਜਿਨ੍ਹਾਂ ਦੀ ਪਿਛਲੇ ਦੋ ਮਹੀਨਿਆਂ ਤੋਂ ਫੀਸ ਨਹੀਂ ਭਰੀ ਜਾ ਸਕੀ ਸੀ ਜਿਸ ਦੇ ਚਲਦਿਆਂ ਕਲਾਸ ਇੰਚਾਰਜ ਵਲੋਂ ਅਕਸਰ ਬੱਚਿਆਂ ਪਾਸੋਂ ਫੀਸ ਜਮ੍ਹਾਂ ਕਰਵਾਉਣ ਦਾ ਤਕਾਜ਼ਾ ਕੀਤਾ ਜਾਂਦਾ ਰਹਿੰਦਾ ਸੀ  ਤੇ ਸੋਚਿਆ ਕਿਉਂ ਇਨ੍ਹਾਂ ਨੋਟ ਬੰਦੀ ਦੀ ਲਪੇਟ ਵਿੱਚ ਆਏ ਪੰਜ ਸੋ ਅਤੇ ਹਜਾਰ ਦੇ ਨੋਟਾਂ ਨੂੰ ਫੀਸ ਭਰਨ ਚ ਹੀ ਸਰਫ ਕਰ ਦਈਏ ਜਿਵੇਂ ਹੀ ਅਸੀਂ ਫੀਸ ਜਮ੍ਹਾਂ ਕਰਵਾਉਣ ਲਈ ਸਕੂਲ ਦੇ ਕਾਊਂਟਰ ’ਤੇ ਪਹੁੰਚੇ ਤਾਂ ਉੱਥੇ ਮੌਜੂਦ ਮਹਿਲਾ ਕਲਰਕ ਨੇ ਸਾਡਾ ਇਕ ਬਨਾਉਟੀ ਮੁਸਕਰਾਹਟ ਨਾਲ  ਸੁਆਗਤ ਕੀਤਾ। ਪਰ ਜਿਵੇਂ ਹੀ ਅਸੀਂ ਫੀਸ ਕਾਰਡ ਦੇ ਨਾਲ 1000-1000 ਰੁਪਏ ਦੇ ਪੰਜ ਨੋਟ ਕਾਊਂਟਰ ’ਤੇ ਰੱਖੇ ਤਾਂ ਉਸ ਨੇ ਖਚਰੀ  ਜਿਹੀ ਮੁਸਕਾਰਾਹਟ ਬਿਖੇਰਦਿਆਂ ਕਿਹਾ, “ਸੌਰੀ ...! ਹੁਣ ਅਸੀਂ 1000 ਅਤੇ 500 ਦੇ ਨੋਟ ਨਹੀਂ ਲੈ ਸਕਦੇ।’ ਅਸੀਂ ਉਹ ਨੋਟ ਚੁੱਕ ਕੇ ਸਕੂਲ ਵਿੱਚੋਂ ਇਸ ਤਰ੍ਹਾਂ ਬਾਹਰ ਨਿਕਲੇ, ਜਿਵੇਂ ਕਿ ਉਰਦੂ ਦੇ ਪ੍ਰਸਿੱਧ ਕਵੀ  ਗਾਲਿਬ ਨੇ ਆਪਣੇ ਇਕ ਸ਼ੇਅਰ ਮਹਿਬੂਬ ਦੀ ਗਲੀ ਵਿੱਚੋਂ ਨਿਕਲਣ ਦਾ ਤਕ  ਤਜ਼ਕਰਾ ਕੀਤਾ ਹੈ:
 
ਨਿਕਲਣਾ ਖੁਲਦ ਸੇ ਸੁਣਤੇ ਆਏ ਥੇ, ਹਜ਼ਰਤ-ਏ-ਆਦਮ ਕਾ।
ਬੜੇ ਬੇ-ਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ॥
 
ਅਸੀਂ ਸੋਚਿਆ ਚਲੋ ਏ.ਟੀ. ਐੱਮ ਵਿੱਚੋਂ ਹੀ ਕੁੱਝ ਕੈਸ਼ ਕਢਵਾ ਲੈਂਦੇ ਹਾਂ ਤੇ ਜਿਉਂ ਹੀ ਅਸੀਂ ਏ.ਟੀ.ਐੱਮ ਦਾ ਰੁੱਖ ਕੀਤਾ ਤਾਂ ਸ਼ਹਿਰ ਦੇ ਵਧੇਰੇ ਏ.ਟੀ.ਐੱਮ ਨੂੰ ਬੰਦ ਪਾਇਆ। ਲੇਕਿਨ ਜਿਹੜੇ ਏ.ਟੀ.ਐੱਮ ਨੂੰ ਖੁੱਲ੍ਹਾ ਵੇਖਿਆ ਉਸ ਦੇ ਬਾਹਰ ਇੰਨੀ ਲੰਮੀ ਲਾਈਨ ਕਿ ਅੱਲਾਹ ਤੋਬਾ ...! ਬਿਨ੍ਹਾਂ ਕਿਸੇ ਨਤੀਜੇ ਦੀ ਪਰਵਾਹ ਕੀਤਿਆਂ ਅਸੀਂ ਵੀ ਲਾਈਨ ਵਿਚ ਲੱਗ ਗਏ। ਇੱਥੋਂ ਤੱਕ ਕਿ ਲਾਈਨ ਵਿੱਚ ਲੱਗਿਆਂ-ਲੱਗਿਆਂ ਸਾਨੂੰ ਸ਼ਾਮ ਪੈ ਗਈ। ਇਸ ਤੋਂ ਪਹਿਲਾਂ ਕਿ ਅਸੀਂ ਏ ਟੀ ਐੱਮ ਤੱਕ ਪੁੱਜਦੇ, ਕੈਸ਼ ਖਤਮ ਹੋ ਗਿਆ। ਅਖੀਰ ਅਸੀਂ ਆਪਣੇ ਦਿਲ ਨੂੰ ਸਮਝਾਉਂਦੇ ਅਤੇ ਝੂਠੀਆਂ ਤਸਲੀਆਂ ਦਿੰਦੇ ਹੋਏ ਘਰ ਪੁੱਜੇ।
 
ਰਾਤੀ ਸੌਣ ਤੋਂ ਪਹਿਲਾਂ ਅਸੀਂ ਫੈਸਲਾ ਕੀਤਾ ਕਿ ਪਹੁ-ਫੁੱਟਦੇ ਸਾਰ ਹੀ ਅਸੀਂ ਬੈਂਕ ਜਾਵਾਂਗੇ। ਸਵੇਰ ਹੁੰਦੇ ਹੀ ਨਿਰਣੇ ਕਾਲਜੇ ਅਸੀਂ ਬੈਂਕ ਦਾ ਰੁਖ ਕੀਤਾ। ਬੈਂਕ ਦੇ ਬਾਹਰ ਦਾ ਜਦੋਂ ਦ੍ਰਿਸ਼ ਵੇਖਿਆ ਤਾਂ ਕਲੇਜਾ ਮੂੰਹ ਨੂੰ ਆ ਗਿਆ ਤੇ ਚਿੱਤ ਘਾਊਂ-ਮਾਊਂ ਕਰਨ ਲੱਗਿਆ ਕਿਉਂਕਿ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਪਹਿਲਾਂ ਹੀ ਬੈਂਕ ਦੇ ਬਾਹਰ ਮੌਜੂਦ ਸਨ। ਕੁੱਝ ਲੋਕੀ ਰਜ਼ਾਈਆਂ ਲਪੇਟੀ ਤੇ ਕੁਝ ਭਾਰੀ ਭਾਰੀ ਕੰਬਲ ਲਪੇਟੀ ਲੇਟੇ ਅਤੇ ਬੈਠੇ ਵਿਖਾਈ ਦਿੱਤੇ। ਜਦ ਇਸ ਸੰਦਰਭ ਵਿਚ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਅਸੀਂ ਤਾਂ ਅੱਧੀ ਰਾਤ ਤੋਂ ਹੀ ਬੈਂਕ ਦੇ ਬਾਹਰ ਡੇਰੇ ਲਾਈ ਬੈਠੇ ਹਾਂ। ਮਰਦੇ ਕੀ ਨਾ ਕਰਦੇ, ਅਸੀਂ ਵੀ ਲਾਈਨ ਵਿਚ ਉਨ੍ਹਾਂ ਦੇ ਪਿੱਛੇ ਖਲੋ ਗਏ। ਪਰੰਤੂ ਬੈਂਕ ਤਾਂ ਆਪਣੇ ਨਿਸ਼ਚਤ ਸਮੇਂ ਸਵੇਰੇ 10.00 ਵਜੇ ਹੀ ਖੁੱਲ੍ਹਿਆ।
 
ਬੈਂਕ ਦੇ ਖੁੱਲ੍ਹਦਿਆਂ ਹੀ ਅੰਦਰ ਜਾਣ ਲਈ ਲੋਕ ਇਸ ਪ੍ਰਕਾਰ ਧੱਕਾ-ਮੁੱਕੀ ਤੇ ਤਰਲੋ-ਮੱਛੀ ਹੋਣ ਲੱਗੇ, ਜਿਵੇਂ ਕਿ ਜੀਵਨ ਵਿਚ ਬੈਂਕ ਵਿੱਚੋਂ ਪੈਸੇ ਕਢਾਉਣ ਦਾ ਇਹ ਆਖਰੀ ਮੌਕਾ ਮਿਲਿਆ ਹੋਵੇ। ਇਸੇ ਭੇਡ-ਚਾਲ ਦਾ ਅਸੀਂ ਵੀ ਹਿੱਸਾ ਬਣਦਿਆਂ ਅਤੇ ਧੌਲ-ਧੱਫੇ ਖਾਂਦਿਆਂ ਅਖੀਰ ਬੈਂਕ ਅੰਦਰ ਦਾਖਲ ਹੋਣ ਵਿੱਚ ਸਫਲ ਹੋ ਗਏ। ਪਰੰਤੂ ਅੰਦਰ ਹਰ ਕਾਊਂਟਰ ਦੇ ਅੱਗੇ ਕਈ ਕਈ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਅੰਦਰਲੇ ਹੌਲਨਾਕ ਮੰਜ਼ਰ ਨੂੰ ਵੇਖਦਿਆਂ ਸਾਡਾ ਦਿਲ ਕਾਹਲਾ ਪੈਣ ਲੱਗਿਆ ਤਾਂ ਅਸੀਂ ਵੀ ਦਿਲ ਨੂੰ ਧਰਵਾਸ ਦਿੰਦਿਆਂ ਇਕ ਲਾਈਨ ਵਿੱਚ ਗੱਡੀ ਦੇ ਆਖਰੀ ਡੱਬੇ ਵਾਂਗ ਖਲੋ ਗਏ। ਹਾਲੇ ਦੁਪਹਿਰ ਦੇ ਬਾਰਾਂ ਵੀ ਨਹੀਂ ਵੱਜੇ ਹੋਣਗੇ ਕਿ ਕੈਸ਼ੀਅਰ ਨੇ ਐਲਾਨ ਕਰ ਦਿੱਤਾ ਕਿ ਕੈਸ਼ ਖਤਮ ਹੋ ਗਿਆ ਹੈ, ਪਰ ਜਿਹਨੇ ਕਿਸੇ ਨੇ ਵੀ ਪੈਸੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਉਣੇ ਹੋਣ, ਉਹ ਲਾਈਨ ਵਿੱਚ ਲੱਗਿਆ ਰਹੇ। ਅਖੀਰ ਆਪਣੇ ਵਜੂਦ ਨੂੰ ਸਮੇਟਦਿਆਂ ਅਸੀਂ ਬੜੀ ਮੁਸ਼ਕਿਲ ਨਾਲ ਘਰ ਅੱਪੜੇ।
 
ਅਸੀਂ ਆਪਣੇ ਪੁੱਤਰ ਨੂੰ, ਜੋ ਰੋਜ਼ਾਨਾ ਬੱਸ ਰਾਹੀਂ ਲਗਭਗ 70 ਕਿਲੋਮੀਟਰ ਦਾ ਸਫਰ ਤੈਅ ਕਰਕੇ ਪੜ੍ਹਨ ਲਈ ਕਾਲਜ ਜਾਂਦਾ ਹੈ, ਇੱਕ ਪਲਾਨ ਤਹਿਤ ਸਵੇਰ ਵੇਲੇ ਕਾਲਜ ਜਾਂਦੇ ਨੂੰ 1000-1000 ਦੇ ਦੋ ਨੋਟ ਅਤੇ ਸੌ ਦਾ ਇਕ ਨੋਟ ਦਿੰਦਿਆਂ ਕਿਹਾ ਕਿ ਹਜ਼ਾਰ ਹਜ਼ਾਰ ਦੇ ਦੋਵੇਂ ਨੋਟ ਆਉਂਦੇ-ਜਾਂਦੇ ਤੁੜਵਾ ਲਿਆਈਂ। ਪਰੰਤੂ ਉਸ ਨੇ ਸ਼ਾਮੀਂ ਆਉਂਦਿਆਂ ਹੀ ਉਕਤ ਨੋਟ ਸਾਨੂੰ ਜਿਉਂ ਦੇ ਤਿਉਂ ਵਾਪਸ ਕਰਦਿਆਂ ਕਿਹਾ, “ਭਾਪਾ ਜੀ, ਕੰਡਕਟਰ ਨੇ ਬੱਸ ਵਿਚ ਸਵਾਰ ਹੁੰਦਿਆਂ ਹੀ ਇਹ ਬਿਆਨ ਦਾਗ ਦਿੱਤਾ ਕਿ ਜਿਹੜੀਆਂ ਸਵਾਰੀਆਂ ਕੋਲ ਕਿਰਾਏ ਲਈ ਸਿਰਫ ਤੇ ਸਿਰਫ 1000 ਜਾਂ 500 ਦੇ ਹੀ ਨੋਟ ਹਨ ਕਿਰਪਾ ਕਰਕੇ ਉਹ ਪਹਿਲਾਂ ਹੀ ਹੇਠਾਂ ਉੱਤਰ ਜਾਣ, ਕਿਉਂਕਿ ਇਹਨਾਂ 1000 ਅਤੇ 500 ਦੇ ਨੋਟਾਂ ਨੂੰ ਲੈਣ ਤੋਂ ਮਾਲਕਾਂ ਨੇ ਸਖਤੀ ਨਾਲ ਵਰਜਿਤ ਕੀਤਾ ਹੈ।
 
ਸ਼ਾਮ ਨੂੰ ਸਾਡੇ ਇਕ ਪਰਮ ਮਿੱਤਰ ਨੇ ਬੱਸ ਸਟੈਂਡ ਦੀ ਇੱਕ ਘਟਨਾ ਸੁਣਾਈ। ਹੋਇਆ ਇੰਝ ਕਿ ਸਵੇਰੇ ਸਵੇਰੇ ਸਥਾਨਕ ਬੱਸ ਸਟੈਂਡ ਟੋਆਇਲਟ ਵੱਲ ਇੱਕ ਪੂਰੀ ਤਰ੍ਹਾਂ ਸੂਟਡ-ਬੂਟਡ ਸਵਾਰੀ ਨੱਸੀ ਜਾਵੇ। ਇਸ ਤੋਂ ਪਹਿਲਾਂ ਕਿ ਉਹ ਸਵਾਰੀ ਆਪਣਾ ਮਿਸ਼ਨ ਪੂਰਾ ਕਰਨ ਲਈ ਵਾਸ਼ਰੂਮ ਅੰਦਰ ਜਾਂਦੀ, ਗੇਟ ਕੀਪਰ ਨੇ ਸਪੀਡ ਬਰੇਕਰ ਬਣਦਿਆਂ, ਉਸ ਨੂੰ ਬਾਹਰ ਹੀ ਰੋਕਦਿਆਂ ਕਿਹਾ ਕਿ ਪਹਿਲਾਂ ਭੁਗਤਾਨ ਕਰੋ। ਸਵਾਰੀ ਨੇ ਜਦ 500 ਦਾ ਨੋਟ ਅੱਗੇ ਕੀਤਾ ਤਾਂ ਗੇਟ ਕੀਪਰ ਨੇ ਇਹ ਨੋਟ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਪੀੜਤ ਸਵਾਰੀ ਨੇ ਕਿਹਾ ਕਿ ਮੈਂ ਤੁਹਾਨੂੰ ਪੰਜ ਰੁਪਏ ਦੇ ਭੁਗਤਾਨ ਦਾ ਚੈੱਕ ਕੱਟ ਦਿੰਦਾ ਹਾਂ। ਇਸ ’ਤੇ ਗੇਟ ਕੀਪਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਦ ਤੱਕ ਚੈੱਕ ਕਲੀਅਰ ਹੋ ਕੇ ਨਹੀਂ ਆ ਜਾਂਦਾ, ਮੈਂ ਆਪ ਨੂੰ ਅੰਦਰ ਐਂਟਰੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਇਸ ਤੋਂ ਪਹਿਲਾਂ ਕਿ ਸਵਾਰੀ ਗੇਟ ਕੀਪਰ ਨਾਲ ਹੋਰ ਬਹਿਸ ਕਰਦੀ ਵਿਚਾਰੀ ਦਾ ਜੰਗਲ-ਪਾਣੀ ਦਾ ਸਾਰਾ ਮਿਸ਼ਨ ਉੱਥੇ ਹੀ ਤਮਾਮ ਹੋ ਗਿਆ।
 
ਇਸੇ ਦੌਰਾਨ ਅਸੀਂ ਇੱਕ ਦਿਨ ਜਦ ਬਾਜ਼ਾਰ ਗਏ ਤਾਂ ਹਰ ਛੋਟੀ ਵੱਡੀ ਦੁਕਾਨ ’ਤੇ ਗੱਤੇ ਦੇ ਬੋਰਡਾਂ ਨੇ ਸਾਡਾ ਧਿਆਨ ਖਿੱਚਿਆ। ਬੋਰਡਾਂ ਉੱਤੇ ਮੋਟੇ ਮੋਟੇ ਸ਼ਬਦਾਂ ਵਿੱਚ ਲਿਖਿਆ ਹੋਇਆ ਸੀ ਕਿ ਇਸ ਜਗਾਹ 1000 ਅਤੇ 500 ਦੇ ਨੋਟ ਨਹੀਂ ਚਲਦੇ। ਲਗਭਗ ਬਾਰਾਂ ਵਜੇ ਸਾਡਾ ਜਾਣਾ ਇਕ ਫੈਕਟਰੀ ਵਾਲੇ ਮਿੱਤਰ ਦੇ ਹੋਇਆ। ਅਸੀਂ ਦੇਖਿਆ ਕਿ ਪੂਰੀ ਫੈਕਟਰੀ ਵਿੱਚ ਜਿਵੇਂ ਕਬਰਾਂ ਵਰਗੀ ਚੁੱਪ ਛਾਈ ਪਈ ਹੈ ਅਤੇ ਫੈਕਟਰੀ ਦਾ ਮਾਲਕ ਇਸ ਪ੍ਰਕਾਰ ਦੁਖੀ ਬੈਠਾ ਹੈ ਜਿਵੇਂ ਕਿ ਕੋਈ ਮਰਗ ਹੋ ਗਈ ਹੋਵੇ। ਅਸੀਂ ਆਪਣੇ ਮਿੱਤਰ ਨੂੰ ਥੋੜ੍ਹਾ ਨਰਮ ਲਹਿਜ਼ੇ ਵਿੱਚ ਪੁੱਛਿਆ ਕਿ ਨਾ ਤਾਂ ਅੱਜ ਹੋਲੀ ਹੈ ਤੇ ਨਾ ਹੀ ਦੀਵਾਲੀ, ਫਿਰ ਸਾਰੀ ਲੇਬਰ ਨੂੰ ਛੁੱਟੀ ਕਿਸ ਖੁਸ਼ੀ ਵਿੱਚ ਕੀਤੀ ਹੈ? ੳਸ ਮਿੱਤਰ ਨੇ ਬੇਹੱਦ ਦੁਖੀ ਹਿਰਦੇ ਨਾਲ ਕਿਹਾ, “ਨਹੀਂ ਯਾਰ, ਛੁੱਟੀ-ਵੁੱਟੀ ਨਹੀਂ, ਸਗੋਂ ਸਾਰੀ ਲੇਬਰ ਨੂੰ ਚਾਰ-ਚਾਰ ਹਜ਼ਾਰ ਦੇ ਕੇ ਬੈਂਕ ਵਿਚ ਕਰੰਸੀ ਬਦਲੀ ਲਈ ਭੇਜਿਆ ਹੋਇਆ ਹੈ। ਪੂਰੇ ਇੱਕ ਹਫਤੇ ਤੋਂ ਫੈਕਟਰੀ ਦੇ ਸਾਰੇ ਕੰਮ-ਕਾਰ ਠੱਪ ਹਨ। ਬੱਸ ਇਸ ਨੋਟਾਂ ਦੀ ਅਦਲਾ-ਬਦਲੀ ਦੇ ਝੱਜੂ ਵਿੱਚ ਹੀ ਉਲਝੇ ਹੋਏ ਹਾਂ। ਸੱਚ ਪੁੱਛੇਂ ਤਾਂ ਯਾਰ ਇਸ ਨੋਟ-ਬੰਦੀ ਨੇ ਸਾਡੇ ਸਾਰੇ ਕੰਮ ਦੀ ਐਸੀ-ਤੈਸੀ ਫੇਰ ਰੱਖੀ ਹੈ।”
 
ਇਸ ਨੋਟ-ਬੰਦੀ ਦੇ ਸਦਕਾ ਸਾਡੇ ਗੁਆਂਢ ਵਿੱਚ ਹੋਇਆ ਇੱਕ ਵਿਆਹ ਲੋਕਾਂ ਦੇ ਮਨਾਂ ’ਤੇ ਆਪਣੀ ਅਮਿੱਟ ਛਾਪ ਛੱਡ ਗਿਆ। ਹੋਇਆ ਇੰਝ ਕਿ ਗੁਆਂਢ ਦੀ ਕੁੜੀ ਦਾ ਵਿਆਹ ਸ਼ਹਿਰ ਦੇ  ਦੂਸਰੇ ਮੁਹੱਲੇ ਵਿਚ ਰਹਿੰਦੇ ਇਕ ਮੁੰਡੇ ਨਾਲ ਹੋਣਾ ਤੈਅ ਪਾਇਆ ਅਤੇ ਵਿਆਹ ਦੇ ਸੱਦਾ-ਪੱਤਰ ਆਦਿ ਸਭ ਵੰਡੇ ਜਾ ਚੁੱਕੇ ਸਨ। ਕੁੜੀ ਅਤੇ ਮੁੰਡੇ ਵਾਲਿਆਂ ਵਲੋਂ ਵਿਆਹ ਲਈ ਲੋਂੜੀਂਦਾ ਕੈਸ਼ ਆਦਿ ਬੈਂਕਾਂ ਵਿੱਚੋਂ ਕਢਵਾ ਲਿਆ ਗਿਆ ਸੀ। ਪਰੰਤੂ ਏਨ ਵਿਆਹ ਤੋਂ ਤਿੰਨ ਦਿਨ ਪਹਿਲਾਂ ਜਿਵੇਂ ਹੀ ਨੋਟ-ਬੰਦੀ ਦਾ ਐਲਾਨ ਹੋਇਆ ਤਾਂ ਜਿਵੇਂ ਇਹ ਵਿਆਹ ਧੂਮ-ਧਾਮ ਨਾਲ ਕਰਨ ਦੇ ਤਮਾਮ ਚਾਅਵਾਂ ਤੇ ਅਰਮਾਨਾਂ ਉੱਤੇ ਜਿਵੇਂ ਬਿਜਲੀ ਡਿਗ ਗਈ। ਜੋ ਨਕਦੀ ਆਦਿ ਉਹਨਾਂ ਦੇ ਮਾਪਿਆਂ ਵਲੋਂ ਬੈਂਕ ਵਿੱਚੋਂ ਕਢਵਾਈ ਗਈ ਸੀ, ਉਹ ਸਾਰੀ ਦੀ ਸਾਰੀ ਜਿਵੇਂ ਰੱਦੀ ਦੇ ਕਾਗਜ਼ਾਂ ਦੇ ਟੁਕੜਿਆਂ ਤਬਦੀਲ ਹੋ ਕੇ ਰਹਿ ਗਈ ਸੀ। ਜਦ ਲੱਖ ਯਤਨ ਕਰਨ ਦੇ ਬਾਵਜੂਦ ਵੀ ਨਕਦੀ ਦਾ ਲੋੜੀਂਦਾ ਪ੍ਰਬੰਧ ਨਾ ਹੋ ਸਕਿਆ ਤਾਂ ਆਪਸੀ ਮਸ਼ਵਰੇ ਨਾਲ ਤੈਅ ਪਾਇਆ ਕਿ ਬਰਾਤੀਆਂ ਨੂੰ ਇਕ ਇਕ ਕੱਪ ਚਾਹ ਦਾ ਪਿਆ ਕੇ ਕੁੜੀ ਸਾਦੇ ਢੰਗ ਨਾਲ ਤੋਰ ਦਿੱਤੀ ਜਾਵੇ ਅਤੇ ਫਿਰ ਇਹੋ ਹੋਇਆ ਵੀ ਇੰਝ ਹੀ। ਸ਼ਾਇਦ ਇਸੇ ਨੂੰ ਹੀ ਆਖਦੇ ਹਨ “ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ।”
 
ਨੋਟ-ਬੰਦੀ ਦੇ ਇਹਨਾਂ ਦਿਨਾਂ ਦੌਰਾਨ ਕਈ ਮੁਹਾਵਰੇ ਤੇ ਅਖਾਣ ਜਿਵੇਂ ਸੱਚ ਸਾਬਤ ਹੁੰਦੇ ਵਿਖਾਈ ਦਿੱਤੇ ਜਿਵੇਂ  “ਬਾਪ ਬੜਾ ਨਾ ਭਈਆ ਸਭ ਸੇ ਬੜਾ ਰੁਪਈਆ।” ਇਸੇ ਪਰਕਾਰ ਇਕ ਹੋਰ ਮੁਹਾਵਰੇ ਨੂੰ  ਅਖੀਂ ਸੱਚ ਹੁੰਦਿਆਂ ਵੇਖਿਆ - "ਨੌਂ ਦੋ ਗਿਆਰਾਂ ਹੋ ਜਾਣਾ” ਇਕ ਦਿਨ ਸ਼ਾਮੀਂ ਇੱਕ ਭਿਖਾਰੀ ਨੇ ਸਾਡੇ ਘਰ ਅੱਗੇ ਅਲਖ ਜਗਾਉਂਦਿਆਂ ਜਦੋਂ ਭਿੱਖਿਆ ਮੰਗੀ ਤਾਂ ਮੇਰੀ ਧਰਮ ਪਤਨੀ ਨੇ ਪਹਿਲੀ ਵਾਰ ਦਿਮਾਗ ਦੀ ਸਹੀ ਵਰਤੋਂ ਕਰਦਿਆਂ ਭਿਖਾਰੀ ਨੂੰ 500 ਰੁਪਏ ਦਾ ਨੋਟ ਦਿੰਦਿਆਂ ਕਿਹਾ, “ਆਹ ਲਓ ਮਾਹਾਰਾਜ, 100 ਰੁਪਏ ਭਿਖਸ਼ਾ ਰੱਖਦਿਆਂ ਚਾਰ ਸੌ ਮੌੜ ਦਿਉ।” 500 ਦੇ ਨੋਟ ਦਾ ਨਾਮ ਸੁਣਦਿਆਂ ਭਿਖਾਰੀ ਜਿਵੇਂ ਉੱਥੋਂ ਨੌਂ ਦੋ ਗਿਆਰਾਂ ਹੋ ਗਿਆ। ਨੋਟ-ਬੰਦੀ ਦੇ ਦਿਨਾਂ ਵਿੱਚ ਇਕ ਹੋਰ ਮੁਹਾਵਰਾ ਮੱਖੀਆਂ ਮਾਰਨਾ ਵੀ ਸੱਚ ਹੁੰਦਾ ਵੇਖਿਆ, ਜਿਵੇਂ ਕਿ ਮੰਦੀ ਦੀ ਮਾਰ ਝੇਲ ਰਹੇ ਅਕਸਰ ਦੁਕਾਨਦਾਰਾਂ ਨੂੰ ਗ੍ਰਾਹਕ ਨਾ ਹੋਣ ਕਾਰਨ ਵਿਹਲੇ ਮੱਖੀਆਂ ਦੇ ਨਾਲ ਨਾਲ ਚੂਹੇ ਅਤੇ ਛਿਪਕਲੀਆਂ ਮਾਰਦੇ ਵੀ ਵੇਖਿਆ ਗਿਆ।
 
ਸੱਚ ਆਖੀਏ ਤਾਂ ਨੋਟ-ਬੰਦੀ ਦੇ ਉਨ੍ਹੀਂ ਦਿਨੀਂ ਦੇਸ਼ ਦੀ ਪੂਰੀ ਅਰਥਵਿਵਸਥਾ ਜਿਵੇਂ ਚਰਮਰਾਈ  ਪ੍ਰਤੀਤ ਹੋਈ ਤੇ ਇਸ ਦੇ ਫਲਸਰੂਪ ਮੁਲਕ ਖਲੋਇਆ ਹੋਇਆ । ਉਸ ਖੜੋਤ ਦਾ ਦਰਦ ਦੇਸ਼ ਦੇ ਮੱਧ ਵਰਗ ਜਾਂ ਗਰੀਬ ਲੋਕਾਂ ਨੇ ਆਪਣੇ ਪਿੰਡੇ ’ਤੇ ਹੰਢਾਇਆ ਤੇ ਕਈ ਪਰਿਵਾਰਾਂ ਦੇ ਜੀਆਂ ਨੂੰ ਆਪਣੀ ਬਿਮਾਰੀ ਦੇ ਇਲਾਜ ਲਈ ਬੈਂਕਾਂ ਵਿੱਚੋਂ ਲੋੜੀਂਦੇ ਪੈਸੇ ਨਹੀਂ ਮਿਲਨ ਕਾਰਨ ਆਪਣੀਆਂ ਜਾਨਾਂ ਤੱਕ ਤੋਂ ਹੱਥ ਧੋਣੇ  ਪਏ। ਕੁਲ ਮਿਲਾ ਕੇ ਜੋ ਅਕਹਿ ਦਰ ਆਮ ਲੋਕਾਂ ਨੇ ਝੇਲਿਆ, ਉਸਦਾ ਅਹਿਸਾਸ ਨਾ ਕਿਸੇ ਫਕੀਰ ਨੂੰ ਹੈ ਅਤੇ ਨਾ ਹੀ ਕਿਸੇ ਸਰਮਾਏਦਾਰ ਨੂੰ।  ਕਿਆ ਖੂਬ ਕਿਹਾ ਹੈ ਕਿਸੇ ਕਵੀ ਨੇ ਕਿ :
 
ਦਰਦ-ਏ-ਦਿਲ ਦਰਦ ਆਸ਼ਨਾ ਜਾਣੇ।
ਔਰ ਬੇ-ਦਰਦ ਕੋਈ ਕਿਯਾ ਜਾਣੇ॥
 
ਲੇਖਕ :ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ : 9855259650 
Have something to say? Post your comment

More Article News

ਕਲਮ ਦਾ ਧਨੀ : ਜਸਵਿੰਦਰ ਸਿੰਘ ਰੁਪਾਲ/ਪ੍ਰੀਤਮ ਲੁਧਿਆਣਵੀ Pioneer of Modern Punjabi Poetry : BHAI VIR SINGH / Prof. Nav Sangeet Singh ਦੁਪੱਟਾ ਔਰਤ ਦੇ ਸਿਰ ਦਾ ਤਾਜ/ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ। ਡਾ. ਪ੍ਰਿਅੰਕਾ ਰੈਡੀ ਹਬਸ ਕਾਂਡ: ਹੈਵਾਨੀਅਤ ਦੀ ਸ਼ਿਖ਼ਰ/ਬਘੇਲ ਸਿੰਘ ਧਾਲੀਵਾਲ ਜਸਦੇਵ ਜੱਸ ਦੀ ਪੁਸਤਕ ''ਰੌਸ਼ਨੀ ਦੀਆਂ ਕਿਰਚਾਂ'' ਦਿਹਾਤੀ ਜੀਵਨ ਸ਼ੈਲੀ ਦਾ ਬ੍ਰਿਤਾਂਤ/ਉਜਾਗਰ ਸਿੰਘ ਨਾਰੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਵਿਵਸਥਾ ਕਦੋਂ ?/ਹਰਪ੍ਰੀਤ ਕੌਰ ਘੁੰਨਸ ਡੇਂਟੋਫੋਬਿਆ/ਡਾ: ਰਿਪੁਦਮਨ ਸਿੰਘ ਤੇ ਡਾ: ਕਮਲ ਪ੍ਰੀਤ ਕੌਰ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਦੋਸ਼ੀਆਂ ਨੂੰ ਚੌਰਾਹੇ ਵਿੱਚ ਮੌਤ ਦੀ ਸਜ਼ਾ ਦੇਣ ਦੀ ਜਰੂਰਤ- ਲਵਸ਼ਿੰਦਰ ਸਿੰਘ ਡੱਲੇਵਾਲ ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਪ੍ਰਾਕਿਰਤਕ ਦ੍ਰਿਸ਼ ~ ਪ੍ਰੋ. ਨਵ ਸੰਗੀਤ ਸਿੰਘ ਕੀ ਕਦੇ ਜ਼ਾਤ ਪਾਤ ਦਾ ਭੇਦ ਭਾਵ ਖਤਮ ਹੋ ਸਕਦਾ ਹੈ?/ਬਲਰਾਜ ਸਿੰਘ ਸਿੱਧੂ ਐਸ.ਪੀ.
-
-
-