Friday, July 10, 2020
FOLLOW US ON

Article

ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ

November 08, 2019 02:51 PM
ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ 
(ਬਾਬੇ ਦੇ 550ਵੇਂ ਗੁਰਪੁਰਬ ਤੇ ਵਿਸ਼ੇਸ਼)
 
ਨਾਨਕ ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ ਜੇਹਾ ਅਰਸ਼ ਹੈ। ਰੱਬ ਨਿਸ਼ਚਾ ਅਤੇ ਬੰਦਗੀ, 
ਇਨਸਾਨੀਅਤ ਦਾ ਇਤਫ਼ਾਕ ਜੇਹਾ। ਸਮਾਜਕ ਇਨਸਾਫ਼ ਲਈ ਉੱਦਮ ਇਮਾਨਦਾਰ ਵਤੀਰਾ। ਉਹ ਘਰੇਲੂ ਜ਼ਿੰਦਗੀ ਦਾ ਰਿਸ਼ਤਾ ਤੇ ਰਸਤਾ ਵੀ ਹੈ। ਦਲੀਲ ਦਾ ਮਾਡਲ। ਸੂਰਜ ਦੀ ਸੋਚ, ਸਰਘੀ ਦੀ ਮਾਂਗ ਚੋਂ ਜਨਮਦਾ ਪਹਿਲਾ ਸੁਪਨਾ ਸੁਬਾਹ ਦਾ ਪਹਿਲਾ ਨਗਮਾ। ਨਾਨਕ ਅਰਸ਼ ਦੀ ਕਿੱਲੀ ਤੇ ਟੰਗੀ ਨਵੀਂ ਤਰਜ਼ ਹੈ ਰਬਾਬ ਦੀਆਂ ਤਾਰਾਂ ਦੀ ਪਹਿਲੀ ਕੰਬਣੀ। ਧਰਤੀ ਤੇ ਵਿਚਰਦਿਆਂ ਸਾਨੂੰ ਆਨੰਦ ਮਿਲਿਆ ਅਦਭੁਤ ਲੱਗਾ। ਬੇਅੰਤ ਭੰਡਾਰੇ ਅਣਮੁੱਲ ਖਜ਼ਾਨੇ ਉਪਹਾਰ ਪਰਾਪਤ ਹੋਏ। ਅਸੀਂ ਜੀਣ ਜੋਗੇ ਹੋਏ। ਮਿੱਟੀਆਂ ਸਾਡੇ ਬੋਝ ਢੋਹਦੀਆਂ ਕੁਫਰ ਝੱਲਦੀਆਂ ਵੀ ਨਾ ਬੋਲਣ। ਨਾਨਕ ਉਚਾਰਦਾ ਗਿਆ ਗਾਉਂਦਾ ਤੁਰਿਆ ਰਿਹਾ। ਜਗ ਨੂੰ ਸ਼ਬਦਾਂ ਦਾ ਚਾਨਣ ਵੰਡਦਾ ਰਿਹਾ। 
 
ਨਾਨਕ ਸੂਰਜ ਹੈ ਲੱਖਾਂ ਧਰਤੀਆਂ ਤੇ ਰੌਸ਼ਨੀ ਦੀ ਚਾਦਰ ਵਿਛਾਉਣ ਵਾਲਾ। ਰੌਸ਼ਨੀ ਠੰਢਕ ਹੈ ਰੌਣਕ ਹੈ ਖੇੜਾ ਹੈ। ਸ਼ਬਦ ਬਾਣੀ ਵਿਚ ਸੱਚੀ ਸੋਚ ਚੰਨਾਂ ਸਿਤਾਰਿਆਂ ਦੀ ਲਿਸ਼ਕ ਹੈ।ਟੁਕੜੇ ਕਾਤਰਾਂ ਨੇ ਸੂਰਜੀ ਰਿਸ਼ਮਾਂਂ ਗੁੰਨੀਆਂ ਹੋਈਆਂ। ਪੰਜ ਅਾਬ ਵਿਛਾ ਨਾਨਕ ਨੇ ਊੜਾ ਲਿਖ ਨਾਲ ਏਕਾ ਵੀ ਲਾਇਆ। ਪੰਜਾਬੀ ਸਾਰੀ ਦੁਨੀਆਂ ਚ ਤਾਰਿਆਂ ਵਾਂਗ ਲਿਸ਼ਕ ਗਏ ਤਾਂ ਹੀ ਪੰਜਾਬ ਦੇ ਪਾਣੀ ਪਿਤਾ ਬਣ ਗਏ ਤੇ ਧਰਤੀ ਮਾਤਾ ਬਣ ਸਜ ਗਈ। ਇਹਦੇ ਪਾਣੀ ਵਹਿੰਦੇ ਵੀ ਜਾਪ ਕਰਨ ਗੁਰਬਾਣੀ ਦਾ। ਹਵਾਵਾਂ ਰਾਗਨੀਆਂ ਗਾਉਣ। ਓਹੀ ਨਾਨਕ ਸ਼ਬਦ ਹੁਣ ਤੱਕ ਨਦੀਆਂ ਦੀਆਂ ਲਹਿਰਾਂ ਗਾ ਰਹੀਆਂ ਹਨ ਤੇ ਵਿਚ ਪੰਛੀ ਨਹਾਉਣ ਜਪੁਜੀ ਗਾਉਣ। 
 
ਨਾਨਕੁ ਧਰਤੀਆਂ ਗਾਹੁੰਦਾ ਨਹੀਂ ਥੱਕਦਾ। ਕੀ ਨਹੀਂ ਹੋ ਸਕਦਾ। ਕੱਲਾ ਸੀ ਨਾਨਕ ਫਿਰ ਵੀ ਕੀ ਕੁੱਝ ਨਹੀਂ ਓਹਨੇ ਸਜਾਇਆ। ਕਿਰਤ ਕਰਨੀ ਦੱਸੀ ਜੋ ਲੁਕਾਈ ਦੀਆਂ ਹਥੇਲੀਆਂ ਤੇ ਲਿਖੀ  ਗਈ ਹੈ। ਪਿੰਡ ਵਸਾਇਆ ਕਿਰਤ ਦਾ ਕਰਤਾਰਪੁਰ ਬਣ ਸਜ ਗਿਆ ਜਿਥੇ ਸ਼ਬਦ ਰਿਮਝਿਮ ਵਰਸੇ। ਵੰਡ ਕੇ ਖਾਣਾ ਦੱਸਿਆ।ਜਿਸ ਨਾਲ ਦੁਨੀਆਂ ਦੀ ਭੁੱਖ ਮਿਟ ਜਾਵੇ। ਹੰਕਾਰ ਨੀਵਾਂ ਕੀਤਾ ਮਜ਼ਹਬਾਂ ਦਾ। ਕਿਹਾ ਓਧਰ ਕਰ ਦਿਓ ਪੈਰ ਜਿੱਧਰ ਮਹਿਰਮ ਨਹੀਂ ਰਹਿੰਦਾ। ਫਲ ਹਰੇਕ ਮਿੱਠਾ ਹੋ ਸਕਦਾ ਹੈ ਜੇ ਰੀਝਾਂ ਦੇ ਪਾਣੀ ਨਾਲ ਸਿੰਜੋਗੇ ਤਾਂ। ਵਿਛ ਸਕਦੀ ਹੈ ਦੁਨੀਆਂ ਤੁਹਾਡੇ ਪੈਰਾਂ ਚ, ਠਰ ਸਕਦੀ ਹੈ ਬਲਦੀ ਧਰਤ ਦਲੀਲ ਨਾਲ ਗੱਲ ਤਾਂ ਕਰਨੀ ਸਿੱਖੋ। ਸਮਝ ਸਕਦੀ ਹੈ ਲੁਕਾਈ ਜੇ ਪਿਆਰ ਨਾਲ ਬੁੱਕਲ 'ਚ ਲੈ ਕੇ ਦਰਦ ਪੁੱਛੇ ਜਾਣ ਜ਼ਖਮਾਂ ਦੇ।
 
ਗੁੰਬਦਾਂ ਮੀਨਾਰਾਂ ਨਾਲ ਜੇ ਅਰਸ਼ ਛੂਹੇ  ਜਾਂਦੇ ਤਾਂ ਮੱਥਿਆਂ 'ਚ ਦੀਵੇ ਸਜਾਉਣ ਦੀ ਲੋੜ ਨਾ ਪੈਂਦੀ। ਨਾਨਕ ਬੋਲਦਾ। ਸੁੱਕੀਆਂ ਪੈਲੀਆਂ ਹਰੀਆਂ ਵੀ ਹੋ ਸਕਦੀਆਂ ਹਨ। ਸੁੱਚੀ ਸੋਚ ਨਾਲ ਸਿੰਜੋ ਤਾਂ ਸਈ ਖੇਤਾਂ ਫਸਲਾਂ ਨੂੰ। ਬਲਦੀਆਂ ਹਿੱਕਾਂ ਦੀ ਤਪਸ਼ ਵੀ ਮਰ ਸਕਦੀ ਹੈ ਜਰਾ ਰਲਮਿਲ ਬੈਠ ਕੇ ਵਿਚਾਰ ਕਰਨੀ ਜੇ ਕੋਈ ਸਿੱਖ ਜਾਵੇ ਤਾਂ। 
 
ਉਹ ਵਾਰ 2 ਕਹਿ ਰਿਹਾ ਹੈ ਮੇਰੇ ਬਾਰੇ ਗ਼ਲਤ ਅਫਵਾਹਾਂ ਨਾ ਫੈਲਾਉ। ਅੱਜ ਤੱਕ ਵੀ ਤੁਸੀਂ ਮੈਨੂੰ ਨਹੀਂ ਜਾਣ ਸਕੇ ਮੇਰਾ ਸੁਨੇਹਾ। ਮੱਕੇ ਦੇ ਲੋਕਾਂ ਮੁੱਲਾਂ ਦੀ ਸਮਝ ਕੁੱਝ ਪਾਇਆ ਸੀ ਇਹ ਸੇਧ ਸੋਚ ਨਾਲ ਕਿ ਭਾਈ ਜਿੱਧਰ ਉਹ ਨਹੀਂ ਹੈ ਓਧਰ ਕਰ ਦਿਓ ਪੈਰ। ਉਹਨਾਂ ਨੂੰ ਹਰ ਪਾਸੇ ਹੀ ਅੱਲ੍ਹਾ ਦਿਸਣ ਲੱਗਾ। ਹੋਰ ਮੱਕਾ ਕੋਈ ਚੱਕ ਸੀ ਘੁਮਿਆਰ ਦਾ ਕਿ ਫੇਰਿਆ ਜਾਂਦਾ। ਹਾਂ ਲੱਤਾਂ ਪੈਰ ਜ਼ਰੂਰ ਘੁੰਮਾਏ ਜਾ ਸਕਦੇ ਨੇ। ਸੱਪ ਤੋਂ ਛਾਂ ਕੌਣ ਕਰਵਾ ਸਕਦਾ ਹੈ ਜੋ ਪਹਿਲਾਂ ਡੰਗ ਮਾਰਦਾ ਹੈ। ਏਸੇ ਹੀ ਤਰ੍ਹਾਂ ਪਹਾੜ ਨੂੰ ਰੋਕਣਾ ਹੋਵੇ ਹੈ ਕਦੇ ਸੰਭਵ। ਮੈਨੂੰ ਜਾਦੂਗਰ ਨਾ ਬਣਾਉ। ਵੱਟਾ ਤਾਂ ਕੋਈ ਮਾਰ ਰੋਕ ਸਕਦਾ ਪਹਾੜ ਨੂੰ ਮਾਰਨਾ ਰੋਕਣਾ ਕਿੰਜ ਸੰਭਵ ਹੋਇਆ? ਹਸਨ ਅਬਦਾਲ ਕਿੰਨੇ ਨੇ ਖੂਹ। ਕੀ ਕੋਈ ਪਿਆਸਾ ਪਹਾੜ ਉੱਤੇ ਪਾਣੀ ਪੀਣ ਜਾਵੇਗਾ? ਉੱਪਰੋਂ ਹੇਠ ਨੂੰ ਕਈ ਥਾਵਾਂ ਤੇ ਪਾਣੀ ਆ ਰਿਹਾ ਹੁੰਦਾ ਹੈ। ਮੰਨ ਲਓ ਕਿਸੇ ਵਲੀ ਫ਼ਕੀਰ ਕੋਲ ਪਿਆਸਾ ਭੁੱਖਾ ਪਾਣੀ ਪੀਣ ਜਾਂਦਾ ਹੈ। ਕੀ ਉਹ ਫੱਕਰ ਦੁਰਕਾਰੇਗਾ?
 
ਕਿਰਤੀ ਦੇ ਹੱਥਾਂ ਵਿਚ ਸਦਾ ਹੀ ਦੁੱਧ ਵਰਗੀ ਸੋਚ ਚੰਨ-ਸੂਰਜ ਵਰਗੀ ਚਮਕ ਹੁੰਦੀ ਹੈ। 
ਮਲਕ ਭਾਗੋ ਵਰਗੇ ਸਦਾ ਗ਼ਰੀਬ ਦਾ ਲਹੂ ਹੀ ਨਿਚੋੜਦੇ ਨੇ। ਹੋਰ ਕਦੇ ਪੂਰੀਆਂ ਨਿਚੋੜ ਲਹੂ ਕਿਉਂ ਕੱਢਵਾ ਰਹੇ ਹੋ ਹਾਂ ਵਾਧੂ ਤੇਲ ਜ਼ਰੂਰ ਨਿਕਲ ਸਕਦਾ ਹੈ। ਗ਼ਰੀਬ ਜੋ ਮਿਹਨਤ ਕਰਦਾ ਹੈ ਉਹ ਤਾਂ ਕੋਧਰੇ ਦੀ ਰੋਟੀ ਜਾਂ ਬਾਜਰਾ, ਜੁਆਰ ਹੀ ਖਾ ਸਕਦਾ ਹੈ ਤੇ ਨਾਨਕ ਨੇ ਖਾਧੀ ਵੀ ਹੋ ਸਕਦੀ ਹੈ। ਉਸ ਚ ਦੁੱਧ ਵਰਗਾ ਸੱਚ ਹੀ ਹੋਵੇਗਾ ਹੋਰ ਕੀ ਹੋ ਸਕਦਾ ਹੈ ਗ਼ਰੀਬ ਦੀ ਮਿਹਨਤ ਕੋਲ।
 
ਨਾਨਕ ਪੰਥ ਦਾ ਰੰਗ 'ਨਿਜ ਅਤੇ ਧੁਰ' ਦੀ ਰੱਖਿਆ ਪ੍ਰਤੀ ਜਾਗ੍ਰਿਤੀ ਕਹੋ। ਸ਼ਬਦ ਸੁਚੇਤ ਪੱਧਰ ਤੋਂ ਉਪਰ ਬੈਠਾ ਪਾਤਸ਼ਾਹ ਹੈ। ਸੱਚ ਦੇ ਸਫਿ਼ਆਂ ਨੂੰ ਥੱਲਣ ਵਾਲਾ ਨਿਰਾਲਾ ਜੇਹਾ ਸੰਕਲਪ। ਸਵੇਰਿਆਂ ਦਾ ਨਵਾਂ ਸੂਰਜ। ਨਵੀਂ ਪੈੜ੍ਹ ਤੇ ਸਰੋਂ੍ਹ ਦੇ ਫੁੱਲਾਂ ਵਰਗੀ ਤਾਰੀਖ਼ ਦਾ ਪੰਨਾ। ਇਨਸਾਨੀਅਤ ਦਾ ਗੌਰਵ ਸਵੈ-ਮਾਣ। ਅੰਬਰ ਦੇ ਬਨੇਰੇ ‘ਤੇ ਅਰਸ਼ ਵਰਗਾ ਸਤੰਬ ਮੀਨਾਰ। ਤਾਰੀਖ ਦੇ ਪੰਨੇ ਤੇ ਚਿੰਤਨ ਅਤੇ ਚੇਤਨ ਦਾ ਨਵਾਂ ਅਧਿਆਇ ਹੈ ਨਾਨਕ। ਸੁੰਨੇ ਵਿਹੜਿਆਂ ਦੀ ਰੌਣਕ ਗੀਤ ਤੇ ਸੋਚ। ਲਤਾੜੀਆਂ ਰੂਹਾਂ ਦੀ ਪੀੜਤ ਆਤਮਾ। ਸਵੈਮਾਣ ਦਾ ਦੀਪਕ ਕੌਮ ਦੀ ਸੁਰਤਿ ਵਿਚ ਸ਼ਬਦ ਦੀ ਉਪਾਸਨਾ। ਸੰਗਮ ਰਾਗ ਸ਼ਬਦ ਦਾ ਖਾਲਸ ਹਾਰ। ਰੰਗ ਬਿਰੰਗੇ ਤੇ ਸੂਹੀਆਂ ਫੁੱਲ ਪੱਤੀਆਂ ਦਾ ਵਿਸ਼ਵ ਇਤਿਹਾਸ ਦਾ ਲਾਸਾਨੀ ਫਿਲਾਸਫਰ। ਅਧਿਆਤਮਕ ਆਗੂ, ਅਮਰ ਸਾਹਿਤਕਾਰ ਦਰਵੇਸ਼ ਰਚਨਾਤਮਿਕ ਪ੍ਰਤਿਭਾ ਇਲਾਹੀ ਸ਼ਖਸੀਅਤ ਹੈ ਕੋਈ ਨਾਨਕ। ਰੂਹਾਨੀ ਸੂਰਜ ਧਰਮ ਨਿਰਪੱਖਤਾ ਦਾ ਅਨੂਠਾ ਜੇਹਾ ਸੁਮੇਲ। ਲਾਸਾਨੀ ਸ਼ੈਲੀ ਅਕਾਲ ਉਸਤਤਿ ਦਾ ਰਚੇਤਾ। ਬ੍ਰਹਿਮੰਡ ਪਸਾਰੇ ਦੀ ਮਹਿਮਾ, ਗਾਇਣ ਵਹਿਮਾਂ ਭਰਮਾਂ ਤੇ ਪਾਖੰਡਾਂ ਦਾ ਤਿੱਖਾ ਵਿਰੋਧ।
 
ਮਹਾਂਪੁਰਸ਼ ਧਰਮ ਕਰਮਵੀਰ ਦਾਨਵੀਰ ਤੇ ਦਯਾਵੀਰ। ਮਿੱਟੀ ਧੁੰਦੁ ਜਗਿ ਚਾਨਣੁ ਕਰਨ ਵਾਲਾ ਸੂਰਜ।ਤਲਵੰਡੀ ਦੀ ਮਿੱਟੀ ਵਈਂ ਦੀਆਂ ਲਹਿਰਾਂ ਦਾ ਸੰਗੀਤ।ਜਨ-ਮਾਣਸ ਨੂੰ ਕਰੁਣਾ ਦਾ ਅੰਮ੍ਰਿਤ ਵਰਗਾ ਬੋਲ।ਮਾਰਗ ਦਰਸ਼ਨ ਲੋਕਾਈ ਦਾ ਨਵੇਂ ਆਦਰਸ਼ਾਂ ਦਾ ਸੰਸਥਾਪਕ। ਸੰਸਾਰ ਨੂੰ ਗਿਆਨ ਰਿਸ਼ਮਾਂ ਵੰਡਣ ਵਾਲਾ ਜੁਗਪੁਰਸ਼। ਨਾਨਕ ਪ੍ਰਤੀਨਿਧ ਬਾਣੀ ਦਾ ਰਾਗ ਹੈ। ਸ਼ਬਦ ਦੀਪਕ ਖੰਡਨ ਵਹਿਮਾਂ ਦਾ।ਵਿਚਾਰਧਾਰਕ ਪਰਿਪੇਖ ਦੀ ਪੇਸ਼ਕਸ਼। ਰਾਗ, ਲੈਅ ਅੰਤਰੀਵਤਾ ਕਾਵਿ ਕੌਸ਼ਲਤਾ ਸਾਗਰਾਂ ਵਰਗੀ ਡੂੰਘਾਈ, ਨੀਝ, ਵਿਸਥਾਰ। ਸ਼ਬਦ ਸੋਚ ਵਿਸ਼ਾਲਤਾ ਢੁਕਵੇਂ ਅਲੰਕਾਰ ਵੱਖਰੀ ਧਾਰਾ ਅਧਿਆਤਮਕ ਅਨੁਭਵ ਜੇਹੀ ਮੂਰਤ। ਗੁਰਮਤਿ ਵਿਚਾਰਧਾਰਾ ਦਾ ਨਿਰੰਤਰ ਅਤੇ ਸਹਿਜ ਵਿਕਾਸ, ਸਿਰਜਕ। ਮੂਲਭੂਤ ਮਾਨਵੀ ਅਧਿਕਾਰਾਂ ਲਈ ਡਟ ਕੇ ਖਲੋਣ ਵਾਲਾ। ਕੌਮ ਰਚਨਹਾਰਾ, ਰਹਿਬਰ। ਜਬਰ ਦੀ ਅਧੀਨਗੀ ਨੂੰ ਅਪ੍ਰਵਾਨਤ ਕਰਨ ਵਾਲਾ ਜਗਤ ਫੱਕਰ।ਮੰਦਿਰ ਮਸਜਿਦ, ਪੂਜਾ ਅਤੇ ਨਮਾਜ਼ ਸੱਭ ਨੂੰ ਸਮਾਨ ਸਜਾਉਣ ਵਾਲਾ ਨਨਕਾਣਵੀ।  
 
 ਸਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦਾ ਪੁੰਜ।ਸਦੀਆਂ ਤੋਂ ਚਾਨਣ ਮੁਨਾਰਾ ਲੱਖਾਂ ਸਿਤਾਰਿਆਂ ਦਾ। ਸਰਬਕਾਲੀਨ ਮਹਾਨ ਸੰਦੇਸ਼ ਮਾਰਗ ਗੁਰਪੀਰ ਜਗਤ ਗੁਰੂ। ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਗਿਰਾਵਟ ਵੇਲੇ ਦਾ ਜਗਿਆਸੂ, ਪੀਰ। ਮਕਸਦ ਨੂੰ ਸਨਮੁੱਖ ਰੱਖ ਅਮਲ ਕਰਨ ਵਾਲੀ ਭਾਰਤੀ ਜੀਵਨ ਦੀ ਡੂੰਘੀ ਨੀਝ। ਧਾਰਮਿਕ ਅੰਧਕਾਰ, ਸਮਾਜਿਕ ਗਿਰਾਵਟ ਅਤੇ ਰਾਜਸੀ ਅਨਿਆਂ ਨੂੰ ਆਪਣੀ ਬਾਣੀ ਵਿਚ ਚਿਤਰਣ ਤੇ ਕਰੜੀ ਪੜਚੋਲ ਕਰਨ ਵਾਲੀ ਸੱਚੀ ਸੋਚ ਮੁਹੱਬਤ।‘ਸਭੇ ਸਾਂਝੀਵਾਲ ਸਦਾਇਨਿ’ ਧਰਮ ਦੀ ਨੀਂਹ ਰੱਖਣ ਵਾਲਾ ਇਲਾਹੀ ਨਾਦ ਦੁਨੀਆ ਦਾ। ਮਨੁੱਖਤਾ ਦੇ ਆਲੇ-ਦੁਆਲੇ ਖੜ੍ਹੀਆਂ ਵਲਗਣਾਂ ਨੂੰ ਖ਼ਤਮ ਕਰ ਸੁਤੰਤਰਤਾ ਦਾ ਪ੍ਰਸੰਗ ਅੰਬਰ ਛੂੰਹਦਾ ਪਰਚਮ।ਬਹੁਮੁਖੀ ਪ੍ਰਤਿਭਾ ਦਾ ਸੁਆਮੀ ਆਦਰਸ਼ ਸ਼ਖ਼ਸੀਅਤ। 
 
ਜੀਵਨ-ਜਾਚ ਸਿਖਾਉਣ ਵਾਲਾ ਰਾਹਗੀਰ ਜੀਵਨ ਸਮੱਸਿਆਵਾਂ ਦਾ ਗਹਿਰਾ ਅਧਿਐਨ ।
ਸੱਚੀ ਸਿੱਖਿਆ ਦੇਣ ਵਾਲਾ ਅਧਿਆਪਕ ਦੇਸ਼-ਦੇਸਾਂਤਰਾਂ ਦੀਆਂ ਯਾਤਰਾਵਾਂ ਕਰਨ ਵਾਲਾ ਯਾਤਰੂ।ਜਿਹਦੀਆਂ ਯਾਤਰਾਵਾਂ ਚਲਦੀਆਂ-ਫਿਰਦੀਆਂ ਪਾਠਸ਼ਾਲਾਵਾਂ ਗਿਆਨ ਦਾ ਮੀਂਹ ਮਹਿਕਦੀ ਪਵਨ।ਸਮੇਂ ਦੇ ਸ਼ਾਸਕਾਂ ਨੂੰ ਸੁਤੰਤਰ ਵਿਚਾਰਾਂ ਨਾਲ ਕੈਦ ਕਰਨ ਵਾਲਾ।
ਦੋਸ਼ੀਆਂ ਕੋਲੋਂ ਦੋਸ਼ ਦਾ ਦਲੀਲ ਨਾਲ ਇਕਬਾਲ ਕਰਵਾਉਣ ਵਾਲਾ ਨਿਆਰਾ ਜੱਜ।
 
ਰਾਜਨੀਤਕ ਹਲਚਲ ਤੇ ਅਰਾਜਕਤਾ ਸਮੇਂ ਬਿਆਨਣ ਵਾਲਾ "ਕਲਿ ਕਾਤੀ ਰਾਜੇ ਕਾਸਾਈ 
ਧਰਮੁ ਪੰਖ ਕਰਿ ਉਡਰਿਆ। ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ"
ਖੂਨ ਦੀਆਂ ਨਦੀਆਂ ਵਹਿੰਦੀਆਂ ਦੇਖ ਬਾਬਰ ਨੂੰ ਜਾਬਰ ਕਹਿਣ ਵਾਲਾ ਸਮੇਂ ਦਾ ਬਾਗ਼ੀ
"ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥"ਧਾਰਮਿਕ ਪਰਪੰਚਾਂ ਅਤੇ ਫੋਕੇ ਰੀਤੀ-ਰਿਵਾਜਾਂ ਨੂੰ ਖੋਰਨ ਵਾਲਾ ਦਰਿਆ ਰਾਜੇ, ਧਨਵਾਨ ਅਤੇ ਸ਼ਾਸਕਾਂ ਨੂੰ ਪੁਕਾਰਨ ਵਾਲੀ ਉੱਚੀ ਸੁੱਚੀ ਨਿਡਰ ਆਵਾਜ਼।ਰਾਜ ਸਭਾਵਾਂ ਨਰਿਤਕਾਵਾਂ ਤੇ ਜਾਦੂਗਰਾਂ ਦੇ ਕੇਂਦਰਾਂ ਨੂੰ ਢਾਉਣ ਵਾਲਾ ਸੂਰਬੀਰ ਬਲਵਾਨ। ਰਾਜਿਆਂ ਦੇ ਕਾਮਵਾਸ਼ਨਾ ਵਾਲੇ ਹਰਮਾਂ ਸਤੀ ਹੋਣ ਦੇ ਆਮ ਰਿਵਾਜਾਂ ਨੂੰ ਰੋਕ ਲਾਉਣ ਵਾਲਾ ਪਰਬਤ।
 
ਨਾਰੀ ਦੇ ਹੱਕ ਵਿਚ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਕਹਿਣ ਵਾਲੀ ਕੁਰੀਤੀਆਂ ਵਿਰੁੱਧ ਬੁਲੰਦ ਹਾਉਕਾ ਅੰਬਰੀ ਆਵਾਜ਼ ਹੈ ਨਾਨਕ। ਲੋਕਾਂ ਦੀ ਸੇਵਾ ਚੰਗੇ ਸਮਾਜ ਦਾ ਨਿਰਮਾਣ ਕਿਰਤ ਕਰਨ, ਨਾਮ ਜਪਣ, ਤੇ ਵੰਡ ਛਕਣ ਦਾ ਇਲਾਹੀ ਪ੍ਰਤੀਕ ਮਧੁਰ ਨਗ਼ਮਾ
ਸਾਂਝੀਵਾਲਤਾ, ਭਾਈਚਾਰੇ ਅਤੇ ਰਾਸ਼ਟਰੀ ਏਕਤਾ ਦਾ ਸਾਂਝਾ ਉਪਦੇਸ਼। ਹਰ ਦੇਸ਼ ਕੌਮ ਪ੍ਰਾਣੀ ਲਈ ਸੇਧ ਮਾਰਗ ਜੀਵਨ ਫ਼ਲਸਫ਼ਾ। ਸੱਚ ਦਾ ਪਾਂਧੀ ਸ਼ਾਂਤੀ ਤੇ ਮਾਨਵ ਏਕਤਾ ਦਾ ਚਹੇਤਾ  
ਸ੍ਰਿਸ਼ਟੀ ਦਾ ਕਲਿਆਣ ਕਰਨਹਾਰਾ ਚਾਹਵਾਨ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ ਰਾਗ ਸ਼ਬਦ ਰਚਣਹਾਰਾ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸਚਾਈ ਦੀ ਹਕ਼ੀਕਤ ਹੈ ਨਾਨਕ।
 
ਬਰਾਬਰਤਾ, ਬਰਾਦਰਾਨਾ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣ ਅਨੋਖਾ ਰੂਹਾਨੀ, ਸਮਾਜਿਕ ਤੇ ਸਿਆਸੀ ਰਾਹ ਕਹੋ। ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਦੀ ਸੱਚੀ ਕਲਮ।ਸਿੱਖ ਮਜ਼੍ਹਬੀ ਯਕੀਨ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਵਾਲ਼ੀ ਇਲਾਹੀ ਜੋਤ ਦਸ ਗੁਰੂਆਂ ਵਿਚ ਬੈਠਾ ਲਿਸ਼ਕਦਾ ਸੂਰਜ ਸਿੱਖੀ ਦਾ ਆਗ਼ਾਜ਼ ਮੌਲਿਕ ਯਕੀਨ, ਮੁਕੱਦਸ ਗੁਰੂ ਗ੍ਰੰਥ ਸਾਹਿਬ ਦਾ ਰਚਣਹਾਰਾ।
 
ਕਣਕਾਂ ਨਾਲ ਭੜੋਲੇ ਕੋਠੀਆਂ ਭਰਨ ਵਾਲਾ ਕਰਤਾਰਪੁਰ ਦੇ ਖੇਤਾਂ ਦਾ ਸ਼ਹਿਨਸ਼ਾਹ ਬਾਦਸ਼ਾਹ
ਅੰਨ ਦਾਤਾ ਲੋਕਾਈ ਦਾ। ਅਨੋਖਾ, ਸੱਚਾ ਸੁੱਚਾ ਤੇ ਇਨਕਲਾਬੀ ਰਿਸ਼ਮਾਂ ਵਾਲਾ ਸੰਸਕਾਰ।ਤੇਰਾ ਤੇਰਾ ਕਹਿ ਲੁਟਾਉਣ ਵਾਲਾ ਅਨੋਖਾ ਹੱਟਬਾਣੀਆ। ਸਾਰੇ ਪੈਸੇ ਭੁੱਖ ਮਿਟਾਉਣ ਲਈ ਲੇਖੇ ਲਾਉਣ ਵਾਲਾ ਕਾਲੂ ਦਾ ਨਵਾਂ ਬਿਜ਼ਨਸਮੈਨ। ਧੁਰ ਕੀ ਬਾਣੀ ਵਿਚ ਤਰੰਗਿਤ ਹੋ ਜਾਣ ਵਾਲਾ ਸਰਘੀ ਦਾ ਗੁਲਾਬੀ ਸੁਗੰਧ ਵਾਲਾ ਸੰਗੀਤ ਨਗ਼ਮਾ।
 
 
Have something to say? Post your comment

More Article News

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 32 ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :--ਗੁਰਚਰਨ ਸਿੰਘ ਗੁਰਾਇਆ ਨਵੇਂ ਲੱਛਣਾਂ ਨੇ ਵੱਧਾਈਆਂ ਮਰੀਜਾਂ ਦੀ ਮੁਸ਼ਕਲਾਂ ਮੈਨੂੰ ਦੱਸਿਓ ਜਰਾ ਗਾਉਣ ਵਾਲਿਓ/ਸੁਰਜੀਤ ਸਿੰਘ"ਦਿਲਾ ਰਾਮ" ਹਿੰਦੀ ਲਘੂ ਕਹਾਣੀ / ਮੁਕਤੀ /ਮੂਲ : ਡਾ. ਦਲਜੀਤ ਕੌਰ ਅਨੁ : ਪ੍ਰੋ. ਨਵ ਸੰਗੀਤ ਸਿੰਘ ਮੀਂਹ ਪਵਾਉਣ ਸਬੰਧੀ ਅਹਿਮ ਲੋਕ ਵਿਸ਼ਵਾਸ: ਗੁੱਡੀ ਫੂਕਣਾ ਫਾਸ਼ੀਵਾਦ ਵਿਰੁਧ ਜਿੱਤ ਗੁਲਾਮ ਦੇਸ਼ਾਂ ਤੇ ਲੋਕਾਂ ਦੀ ਮੁਕਤੀ ਦਾ ਰਾਹ । ਜਗਦੀਸ਼ ਸਿੰਘ ਚੋਹਕਾ ਹਿੰਦੀ ਮਿੰਨੀ ਕਹਾਣੀ /ਛੱਡਣਾ / ਮੂਲ : ਹਰਭਗਵਾਨ ਚਾਵਲਾ * ਅਨੁ : ਪ੍ਰੋ. ਨਵ ਸੰਗੀਤ ਸਿੰਘ ਸੁਘੜ ਸਿਆਣੀ ਧੀ/ਪਰਮਜੀਤ ਕੌਰ ਸੋਢੀ ਜਿੰਦਗੀ ਚ ਆਏ ਮਾੜੇ ਦਿਨਾਂ ਨੇ ਗਾਇਕ ਬਣਾਇਆ-ਜਸਵਿੰਦਰ ਪੂਹਲੀ(ਹਕੀਕੀ ਵਿਥਿਆ) ਨਹੀਂ ਭੁੱਲਦਾ ਚੇਤਿਆਂ ਚੋਂ ਬੇਬੇ ਦਾ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ (ਸਾਡਾ ਵਿਰਸਾ)
-
-
-