Article

ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ

November 08, 2019 03:11 PM

ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ
                                                                             

 
 ਸੁਰਜੀਤ ਪੰਜਾਬੀ ਦੀ ਸੰਜੀਦਾ, ਚਿੰਤਕ, ਸੁਘੜ ਅਤੇ ਸਮਤੁਲ ਸਾਹਿਤਕਾਰ ਹੈ। ਉਹ ਕਵਿਤਾ ਅਤੇ ਕਹਾਣੀ ਲਿਖਦੀ ਹੀ ਨਹੀਂ ਸਗੋਂ ਆਪ ਕਵਿਤਾ ਅਤੇ ਕਹਾਣੀ ਬਣਕੇ ਜ਼ਿੰਦਗੀ ਵਿਚ ਵਿਚਰਦੀ ਹੈ। ਉਹ ਅੰਦਰੋਂ ਤੇ ਬਾਹਰੋਂ ਇਕੋ ਜਹੀ ਹੈ। ਕਹਿਣੀ ਤੇ ਕਰਨੀ ਦੀ ਪ੍ਰਤੀਕ ਹੈ। ਉਸਨੇ ਹੁਣ ਤੱਕ 3 ਕਾਵਿ ਸੰਗ੍ਰਹਿ ਸ਼ਿਕਸਤ ਰੰਗ, ਹੇ ਸਖੀ ਅਤੇ ਵਿਸਮਾਦ ਪ੍ਰਕਾਸ਼ਤ ਕੀਤੇ ਹਨ। ਸ਼ਿਕਸਤ ਰੰਗ ਸ਼ਾਹਮੁਖੀ ਵਿਚ ਵੀ ਪ੍ਰਕਾਸ਼ਤ ਹੋਇਆ ਹੈ। ਇਕ ਕਾਵਿ ਸੰਗ੍ਰਹਿ ਕੂੰਜਾਂ ਦੀ ਸਹਿ ਸੰਪਾਦਨਾ ਕੀਤੀ ਹੈ। ਮੁੱਢਲੇ ਤੌਰ ਤੇ ਉਹ ਕਵਿਤਰੀ ਹੈ ਪ੍ਰੰਤੂ ਪਾਰਲੇ ਪੁਲ ਉਸਦੀ ਪਲੇਠੀ ਕਹਾਣੀਆਂ ਦੀ ਪੁਸਤਕ ਹੈ। ਕਵਿਤਰੀ ਹੋਣ ਕਰਕੇ ਉਸਦੀਆਂ ਕਹਾਣੀਆਂ ਦੀ ਸ਼ੈਲੀ ਵੀ ਕਾਵਿਕ ਹੀ ਹੈ, ਜਿਸ ਕਰਕੇ ਪਾਠਕ ਦੀ ਦਿਲਚਸਪੀ ਬਣੀ ਰਹਿੰਦੀ ਹੈ। ਭਾਵੇਂ ਉਸਨੇ ਸਕੂਲ ਸਮੇਂ ਵਿਚ ਹੀ ਕਵਿਤਾਵਾਂ ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਪ੍ਰੰਤੂ ਇਨ੍ਹਾਂ ਨੂੰ ਪੁਸਤਕ ਦੇ ਰੂਪ ਵਿਚ 2005 ਵਿਚ ਲਿਆਂਦਾ ਸੀ। ਉਸਦੀਆਂ ਇਸ ਪੁਸਤਕ ਵਿਚਲੀਆਂ ਕਹਾਣੀਆਂ ਪਰਵਾਸ ਵਿਚ ਪਰਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਜ਼ਮੀਨੀ ਹਕੀਕਤਾਂ ਦਾ ਪ੍ਰਗਟਾਵਾ ਕਰਦੀਆਂ ਹਨ। ਪਰਵਾਸ ਵਿਚ ਵੀ ਉਸਨੇ ਕਈ ਦੇਸ਼ਾਂ ਵਿਚ ਰਹਿੰਦਿਆਂ ਜਦੋਜਹਿਦ ਵਾਲਾ ਜੀਵਨ ਬਸਰ ਕੀਤਾ ਹੈ। ਜ਼ਿੰਦਗੀ ਦੇ ਇਸ ਸਫਰ ਵਿਚ ਅਨੇਕਾਂ ਤਲਖ਼ ਸਚਾਈਆਂ ਦਾ ਸਾਹਮਣਾ ਕਰਦਿਆਂ ਅਤੇ ਪਰਵਾਸ ਵਿਚ ਵਿਚਰਦਿਆਂ ਜਿਹੜੀਆਂ ਸਮੱਸਿਆਵਾਂ ਨਾਲ ਦੋ ਹੱਥ ਕੀਤੇ, ਉਸੇ ਤਜਰਬੇ ਦੇ ਆਧਾਰ ਤੇ ਉਨ੍ਹਾਂ ਨੂੰ ਆਪਣੀ ਇਸ ਪੁਸਤਕ ਵਿਚ ਕਹਾਣੀਆਂ ਦੇ ਰੂਪ ਵਿਚ ਪੇਸ਼ ਕੀਤਾ ਹੈ। 128 ਪੰਨਿਆਂ, 200 ਰੁਪਏ ਕੀਮਤ, 10 ਕਹਾਣੀਆਂ ਵਾਲੀ ਇਹ ਪੁਸਤਕ ਪਰਵਾਜ਼ ਪਬਲੀਕੇਸ਼ਨ ਜਲੰਧਰ ਨੇ ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਦੀਆਂ ਦੋ ਕਹਾਣੀਆਂ ਜਗਦੀਆਂ ਅੱਖਾਂ ਦਾ ਤਲਿੱਸਮ ਅਤੇ ਲੋਹ-ਪੁਰਸ਼ ਦੋ ਵਿਅਕਤੀਆਂ ਦੀ ਜ਼ਿੰਦਗੀ ਪ੍ਰਤੀ ਬਚਨਬੱਧਤਾ ਦਾ ਸਬੂਤ ਹਨ ਪ੍ਰੰਤੂ ਸੁਰਜੀਤ ਨੇ ਉਨ੍ਹਾਂ ਨੂੰ ਅਜਿਹੀ ਸ਼ਬਦਾਬਲੀ ਦਿੱਤੀ ਹੈ ਕਿ ਪਾਠਕ ਵਿਚ ਉਨ੍ਹਾਂ ਨੂੰ ਪੜ੍ਹਦਿਆਂ ਰੌਚਿਕਤਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ?
   

        

               ਇਸ ਪੁਸਤਕ ਦੇ ਨਾਂ ਵਾਲੀ ਪਹਿਲੀ ਕਹਾਣੀ ਪਾਰਲੇ ਪੁਲ ਹੈ, ਜਿਸ ਵਿਚ ਲੇਖਕਾ ਨੇ ਅਮਰੀਕਾ ਵਿਚ ਰਹਿੰਦਿਆਂ ਸਮਾਜਿਕ ਤਾਣੇ ਬਾਣੇ ਬਾਰੇ ਜੋ ਮਹਿਸੂਸ ਕੀਤਾ ਹੈ, ਉਸਨੂੰ ਇਸ ਕਹਾਣੀ ਦਾ ਵਿਸ਼ਾ ਬਣਾਇਆ ਹੈ। ਮੁੱਢਲੇ ਤੌਰ ਤੇ ਅਮਰੀਕਾ ਦੀ ਦੋਗਲੀ ਨੀਤੀ ਤੇ ਕਿੰਤੂ ਪ੍ਰੰਤੂ ਕੀਤਾ ਗਿਆ ਹੈ ਕਿਉਂਕਿ ਅਮਰੀਕਾ ਪ੍ਰਬੰਧ ਸੰਸਾਰ ਦੇ ਹੋਰ ਦੇਸ਼ਾਂ ਵਿਚ ਹੋ ਰਹੀਆਂ ਹਿੰਸਕ ਕਾਰਵਾਈਆਂ ਨੂੰ ਸੰਜੀਦਗੀ ਨਾਲ ਨਹੀਂ ਲੈਂਦੀ ਪ੍ਰੰਤੂ ਜਦੋਂ ਉਨ੍ਹਾਂ ਦੇ ਆਪਣੇ ਦੇਸ਼ ਵਿਚ ਵਰਲਡ ਟਰੇਡ ਸੈਂਟਰ ਉਤੇ ਹਮਲਾ ਹੁੰਦਾ ਹੈ ਤਾਂ ਉਸਨੂੰ ਸੰਸਾਰ ਵਿਚ ਸਭ ਤੋਂ ਵੱਡੀ ਹਿੰਸਕ ਕਾਰਵਾਈ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਲੇਖਕਾ ਦਾ ਭਾਵ ਹੈ ਕਿ ਅਜਿਹੀਆਂ ਹਿੰਸਕ ਕਾਰਵਾਈਆਂ ਵਿਚ ਡੁਲ੍ਹਣ ਵਾਲਾ ਖ਼ੂਨ ਸਾਰੇ ਸੰਸਾਰ ਦੇ ਲੋਕਾਂ ਦਾ ਇਕੋ ਜਿਹਾ ਹੁੰਦਾ ਹੈ। ਇਹ ਲੇਖਕਾ ਦੀ ਇਨਸਾਨੀ ਜ਼ਿੰਦਗੀ ਬਾਰੇ ਸੰਜੀਦਗੀ ਦਾ ਪ੍ਰਗਟਾਵਾ ਕਰਦਾ ਹੈ। ਸੁਰਜੀਤ ਦੀ ਇਸ ਕਹਾਣੀ ਦੀ ਕਮਾਲ ਇਹ ਹੈ ਕਿ ਇਸ ਵਿਚ ਬਹੁਤ ਮਹੱਤਵਪੂਰਨ ਵਿਸ਼ਿਆਂ ਨੂੰ ਲਿਆ ਗਿਆ ਹੈ। ਇਹ ਕਹਾਣੀ ਕਿਸੇ ਇਕ ਵਿਸ਼ੇ ਦੇ ਆਲੇ ਦੁਆਲੇ ਨਹੀਂ ਘੁੰਮਦੀ। ਇਸ ਵਿਚ ਨਸਲੀ ਵਿਤਕਰੇ, ਪਰਵਾਸੀਆਂ ਦੀ ਰੋਜ਼ੀ ਰੋਟੀ ਲਈ ਜਦੋਜਹਿਦ, ਮਾਂ ਬਾਪ ਦੀ ਬੱਚਿਆਂ ਵੱਲੋਂ ਅਣਗਹਿਲੀ ਕਰਕੇ ਇਕੱਲਤਾ, ਇਨਸਾਨਾ ਨਾਲੋਂ ਜਾਨਵਰਾਂ ਦੀ ਜ਼ਿਆਦਾ ਮਹੱਤਤਾ ਅਤੇ ਉਨ੍ਹਾਂ ਦੇ ਕਿਰਿਆ ਕਰਮਾ ਦਾ ਪਾਖੰਡ ਨੂੰ ਵਿਸ਼ੇ ਬਣਾਇਆ ਗਿਆ ਹੈ। ਪਰਵਾਸੀ ਬਹੁਤ ਜਲਦੀ ਆਪਣੀ ਵਿਰਾਸਤ ਨੂੰ ਭੁੱਲਕੇ ਪੈਰ ਛੱਡਕੇ ਗੋਰਿਆਂ ਦੀ ਨਕਲ ਕਰਨ ਵਰਗੇ ਪਾਖੰਡ ਕਰਨ ਲੱਗ ਜਾਂਦੇ ਹਨ। ਇਨਸਾਨਾ ਨਾਲੋਂ ਜਾਨਵਰਾਂ ਦੇ ਜੀਵਨ ਨੂੰ ਬਿਹਤਰ ਸਮਝਿਆ ਜਾਂਦਾ ਹੈ ਕਿਉਂਕਿ ਗੋਰੇ ਲੋਕ ਸਮਾਜਿਕ ਰਿਸ਼ਤਿਆਂ ਦੇ ਨਿੱਘ ਦਾ ਆਨੰਦ ਮਾਨਣ ਤੇ ਰਿਸ਼ਤਿਆਂ ਦੇ ਬੰਧਨ ਵਿਚ ਬੱਝਕੇ ਜ਼ਿੰਮੇਵਾਰੀ ਨਿਭਾਉਣ ਤੋਂ ਕੰਨੀ ਕਤਰਾਂਉਂਦੇ ਹਨ।  ਆਇਲਨ ਤੇ ਐਵਨ ਕਹਾਣੀ ਮਨੁੱਖੀ ਭਾਵਨਾਵਾਂ ਨਾਲ ਲਬਰੇਜ਼ ਕਹਾਣੀ ਹੈ। ਇਕ ਪਾਸੇ ਦੇਸ਼ਾਂ ਦੇ ਘਰੇਲੂ ਯੁਧਾਂ ਕਰਕੇ ਆਇਲਨ ਅਤੇ ਉਸਦੇ ਪਰਿਵਾਰ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਆਇਲਨ ਦੀ ਸਮੁੰਦਰ ਦੇ ਕੰਢੇ ਪਈ ਲਾਸ਼ ਨੂੰ ਵੇਖਕ ਲੋਕ ਤ੍ਰਾਹ ਤ੍ਰਾਹ ਕਰਦੇ ਹਨ ਪ੍ਰੰਤੂ ਉਥੋਂ ਦੇ ਲੋਕ ਉਸਨੂੰ ਬਚਾ ਨਾ ਸਕੇ। ਦੂਜੇ ਪਾਸੇ ਐਵਨ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਪਤਾ ਲੱਗਣ ਤੇ ਉਸਦੀ ਜ਼ਿੰਦਗੀ ਵਿਚ ਰੰਗ ਭਰਨ ਲਈ ਉਸਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਤਾਂ ਜੋ ਉਸ ਨੂੰ ਖ਼ੁਸ਼ ਰੱਖਣ ਲਈ ਉਸਦੇ ਮਰਨ ਤੋਂ ਪਹਿਲਾਂ ਹੀ ਕ੍ਰਿਸਮਸ ਦਾ ਤਿਓਹਾਰ ਮਨਾਕੇ ਇਕਮੁਠਤਾ ਦਾ ਸਬੂਤ ਦਿੱਤਾ। ਦੋਵੇਂ ਘਟਨਾਵਾਂ ਮਨੁੱਖੀ ਹਿਰਦਿਆਂ ਨੂੰ ਵਲੂੰਧਰ ਦਿੰਦੀਆਂ ਹਨ। ਪਰਵਾਸ ਵਿਚ ਵਾਪਰ ਰਹੀਆਂ ਹਿੰਸਕ ਤੇ ਨਸਲੀ ਘਟਨਾਵਾਂ ਵੀ ਇਸ ਕਹਾਣੀ ਵਿਚ ਚਿੰਤਾ ਦਾ ਵਿਸ਼ਾ ਬਣਦੀਆਂ ਹਨ। ਐਮਰਜੈਂਸੀ ਰੂਮ ਕਹਾਣੀ ਵਿਚ ਸੁਰਜੀਤ ਨੇ ਇਹ ਦੱਸਿਆ ਹੈ ਕਿ ਕੈਨੇਡਾ ਦੀਆਂ ਸਿਹਤ ਸਹੂਲਤਾਂ ਭਾਵੇਂ ਬਿਹਤਰੀਨ ਹਨ ਪ੍ਰੰਤੂ ਐਮਰਜੈਂਸੀ ਵਿਚ ਵੀ ਆਪੋ ਆਪਣੀ ਵਾਰੀ ਅਨੁਸਾਰ ਹੀ ਮਰੀਜ ਵੇਖੇ ਜਾਂਦੇ ਹਨ। ਵਾਰੀ ਤੋੜਕੇ ਕਿਸੇ ਮਰੀਜ ਨੂੰ ਅਟੈਂਡ ਨਹੀਂ ਕੀਤਾ ਜਾਂਦਾ ਭਾਵੇਂ ਉਹ ਕਿਤਨਾ ਵੀ ਮਰਨ ਕਿਨਾਰੇ ਹੋਵੇ। ਇਥੋਂ ਤੱਕ ਕਿ ਕਈ ਮਰੀਜ਼ ਵਾਰੀ ਦੀ ਉਡੀਕ ਕਰਦੇ ਹੀ ਸਵਰਗ ਸਿਧਾਰ ਜਾਂਦੇ ਹਨ। ਇਸ ਕਹਾਣੀ ਵਿਚ ਪੰਜਾਬੀਆਂ ਵੱਲੋਂ ਪਰਵਾਸ ਵਿਚ ਵਸਣ ਲਈ ਵਰਤੇ ਜਾ ਰਹੇ ਗ਼ਲਤ ਹੱਥਕੰਡਿਆਂ ਬਾਰੇ ਵੀ ਦਰਸਾਇਆ ਗਿਆ ਹੈ। ਪੰਜਾਬੀ ਨਸ਼ੇ ਆਦਿ ਦੇ ਚਕਰਾਂ ਵਿਚ ਪੈ ਕੇ ਬਦਨਾਮੀ ਖੱਟ ਰਹੇ ਹਨ, ਜਿਸ ਕਰਕੇ ਪੰਜਾਬੀਆਂ ਦਾ ਅਕਸ ਸੰਸਾਰ ਵਿਚ ਖਰਾਬ ਹੋ ਰਿਹਾ ਹੈ। ਇਸਦੇ ਨਾਲ ਹੀ ਕੈਨੇਡਾ ਦੇ ਬਹੁਪਰਤੀ ਸਭਿਆਚਾਰ ਦੀ ਪ੍ਰਸੰਸਾ ਕੀਤੀ ਗਈ ਹੈ। ਸੁਰਖ਼ ਸਵੇਰ ਕਹਾਣੀ  ਵਿਚ ਭਾਰਤੀ ਪਰਿਵਾਰ ਜਦੋਂ ਕੈਨੇਡਾ ਜਾਂਦੇ ਹਨ ਤਾਂ ਉਹ ਬਾਗੋ ਬਾਗ ਹੋ ਜਾਂਦੇ ਹਨ ਪ੍ਰੰਤੂ ਉਥੇ ਜਾ ਕੇ ਸੈਟਲ ਹੋਣ ਲਈ ਅਨੇਕਾਂ ਵੇਲਣ ਵੇਲਦੇ ਹਨ। ਕੈਨੇਡਾ ਵਸਣ ਤੋਂ ਬਾਅਦ ਕੁਝ ਭਾਰਤੀ ਆਪਣੇ ਸਭਿਆਚਾਰ ਤੋਂ ਮੁਨਕਰ ਹੋ ਜਾਂਦੇ ਹਨ। ਰਿਸ਼ਤਿਆਂ ਵਿਚ ਗਿਰਾਵਟ ਆ ਜਾਂਦੀ ਹੈ। ਕੈਨੇਡਾ ਦੇ ਰੰਗ ਵਿਚ ਰੰਗਕੇ ਆਪਣੀ ਵਿਰਾਸਤ ਨੂੰ ਵੀ ਅਣਡਿਠ ਕਰ ਜਾਂਦੇ ਹਨ। ਸਿਮਰਨ ਕੌਰ ਵਿਰਦੀ ਸਿਮੋਨ ਬਣ ਜਾਂਦੀ ਹੈ। ਪਤੀ ਦੀ ਮੌਤ ਤੋਂ ਬਾਅਦ ਇਕੱਲੇਪਣ ਦੀ ਰੋਗੀ ਹੋ ਜਾਂਦੀ ਹੈ। ਉਸਦਾ ਸਪੁੱਤਰ ਕਰਨ ਅਤੇ ਨੂੰਹ ਜੈਸਮਿਨ ਸਿਮੋਨ ਦੇ ਪਤੀ ਦੀ ਮੌਤ ਤੋਂ ਬਾਅਦ ਉਸਦਾ ਸਾਰਾ ਸਾਮਾਨ ਅਰਥਾਤ ਸਿਮੋਨ ਲਈ ਪਤੀ ਦੀਆਂ ਨਿਸ਼ਾਨੀਆਂ ਨੂੰ ਦਾਨ ਵਿਚ ਦੇ ਕੇ ਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਸੁਰਜੀਤ ਇਸ ਕਹਾਣੀ ਵਿਚ ਮਾਪਿਆਂ ਨੂੰ ਆਤਮ ਵਿਸ਼ਵਾਸ ਵਿਚ ਸਮਰੱਥ ਹੋਣ ਲਈ ਪ੍ਰੇਰਦੀ ਹੈ ਕਿਉਂਕਿ ਪਰਵਾਸ ਦਾ ਸਭਿਆਚਾਰ ਹੀ ਅਜਿਹਾ ਹੈ ਕਿ ਤੁਸੀਂ ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ। ਵੈਲਨਟਾਈਨਜ਼ ਡੇਅ ਕਹਾਣੀ ਵੀ ਬੜੀ ਸੰਵੇਦਨਸ਼ੀਲ ਹੈ, ਜਿਸ ਵਿਚ ਭਾਰਤੀ ਪਰਿਵਾਰ ਦੀ ਜ਼ਿੰਦਗੀ ਅਤੇ ਪਰਵਾਸੀ ਪਰਿਵਾਰ ਦੀ ਜ਼ਿੰਦਗੀ ਦੀ ਤੁਲਨਾ ਕੀਤੀ ਗਈ ਹੈ। ਦੋਹਾਂ ਦੇਸ਼ਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਕੰਮ ਕਾਰ ਦਾ ਬਹੁਤ ਜ਼ਿਆਦਾ ਵਖਰੇਵਾਂ ਹੈ। ਅਜਿਹੇ ਹਾਲਾਤ ਵਿਚ ਰੋਜ਼ੀ ਦਾ ਰਹਿਣਾ ਜੋਖ਼ਮ ਭਰਿਆ ਹੋ ਜਾਂਦਾ ਹੈ।

          ਉਸਦੇ ਦਿਮਾਗ ਦੋਹਾਂ ਦੇਸ਼ਾਂ ਦੇ ਸਭਿਆਚਾਰ ਦਰਮਿਆਨ ਕਸ਼ਮਕਸ਼ ਕਰਦੇ ਰਹਿੰਦੇ ਹਨ ਪ੍ਰੰਤੂ ਉਹ ਦੋਹਾਂ ਵਿਚ ਸਮਤੁਲ ਰੱਖਕੇ ਆਪਣਾ ਪਰਿਵਾਰਿਕ ਜੀਵਨ ਇਕੱਲਤਾ ਵਿਚ ਰਹਿੰਦੀ ਹੋਈ ਬਸਰ ਕਰਦੀ ਹੈ। ਇਸ ਕਹਾਣੀ ਵਿਚ ਵੀ ਰਿਸ਼ਤਿਆਂ ਦੀ ਗਿਰਾਵਟ ਵਿਖਾਈ ਦਿੰਦੀ ਹੈ। ਬਿਅੰਤ ਦਾ ਆਪਣਾ ਵਿਓਪਾਰ ਚੌਪਟ ਹੋਣ ਦਾ ਕਾਰਨ ਉਸਦੀਆਂ ਆਦਤਾਂ ਹਨ, ਜਿਨ੍ਹਾਂ ਕਰਕੇ ਉਸਦਾ ਵਿਓਪਾਰ ਚੌਪਟ ਹੋ ਜਾਂਦਾ ਹੈ। ਦੱਸਣ ਦਾ ਭਾਵ ਹੈ ਕਿ ਜਿਹੜੀਆਂ ਇਨਸਾਨ ਵਿਚ ਕੁਰੀਤੀਆਂ ਭਾਰਤ ਵਿਚ ਹਨ, ਉਹ ਪਰਵਾਸ ਵਿਚ ਵੀ ਬਰਕਰਾਰ ਰਹਿੰਦੀਆਂ ਹਨ, ਸਗੋਂ ਉਥੇ ਜਾ ਕੇ ਡਾਲਰਾਂ ਦੀ ਚਕਾਚੌਂਧ ਵਿਚ ਫ਼ਜ਼ੂਲ ਖ਼ਰਚੀ ਕਰਦੇ ਹਨ। ਜਗਦੀਆਂ ਅੱਖਾਂ ਦਾ ਤਲਿੱਸਮ ਇਕ ਵੱਖਰੀ ਕਿਸਮ ਦੀ ਬੜੀ ਦਿਲਚਸਪ ਕਹਾਣੀ ਹੈ। ਇਹ ਕਹਾਣੀ ਇਕ ਨੌਜਵਾਨ ਲੜਕੀ ਦੇ ਹੌਸਲੇ ਅਤੇ ਦ੍ਰਿੜ੍ਹਤਾ ਦੀ ਬਾਤ ਪਾਉਂਦੀ ਹੈ, ਉਸਨੇ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਕਰਿਆ ਹੋਇਆ ਹੈ, ਜਿਸ ਨਾਲ ਬਿਮਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ। ਉਹ ਲੜਕੀ ਹੈ ਲਵੀਨ? ਜਿਸਨੇ ਬਿਮਾਰ ਲੋਕਾਂ ਦੀ ਮਾਨਸਿਕਤਾ ਨੂੰ ਮਹਿਸੂਸ ਕਰਦਿਆਂ ਇਸ ''ਅਮਰ ਕਰਮਾ ਔਰਗਨ ਡੋਨੇਸ਼ਨ ਸੋਸਾਇਟੀ'' ਦੇ ਕਾਰਜ਼ ਨੂੰ ਸ਼ੁਰੂ ਕੀਤਾ ਹੈ। ਇਹ ਕਹਾਣੀ ਦਰਸਾਉਂਦੀ ਹੈ ਕਿ ਇਨਸਾਨ ਦੀ ਬਿਹਤਰੀ ਲਈ ਸ਼ੁਭ ਕਾਰਜ ਕਰਨ ਲਈ ਵੱਡੀ ਉਮਰ ਦਾ ਹੋਣਾ ਜ਼ਰੂਰੀ ਨਹੀਂ ਪ੍ਰੰਤੂ ਇਨਸਾਨ ਦੇ ਮਨ ਵਿਚ ਪ੍ਰਤੀਬੱਧਤਾ ਹੋਣੀ ਚਾਹੀਦੀ ਹੈ। ਇਕ ਨੌਜਵਾਨ ਲੜਕੀ ਲਵੀਨ ਬਜ਼ਰੁਗਾਂ ਦੀ ਸਹਾਇਤਾ ਨਾਲ ਇਸ ਸੰਸਥਾ ਦੀ ਅਗਵਾਈ ਕਰ ਰਹੀ ਹੈ। ਇਕ ਸੋਸਾਇਟੀ ਦੇ ਕਾਰਜਖੇਤਰ ਨੂੰ ਕਹਾਣੀ ਦਾ ਰੂਪ ਦੇਣ ਦੀ ਸਮਰੱਥਾ ਲਈ ਸਮਰੱਥਾਵਾਨ ਕਹਾਣੀਕਾਰ ਹੋਣਾ ਚਾਹੀਦਾ ਹੈ। ਲੇਖਕਾ ਆਪਣੀ ਇਹ ਕਹਾਣੀ ਲਿਖਕੇ ਆਪਣੀ ਕਾਬਲੀਅਤ ਦਾ ਸਬੂਤ ਦੇ ਚੁੱਕੀ ਹੈ। ਸੁਰਜੀਤ ਦੀ ਇਨਸਾਨੀ ਜ਼ਿੰਦਗੀ ਬਾਰੇ ਸੰਜੀਦਗੀ ਇਸ ਕਹਾਣੀ ਤੋਂ ਸਾਫ ਵਿਖਾਈ ਦਿੰਦੀ ਹੈ। ਜੁਗਨੂੰ ਕਹਾਣੀ ਵੀ ਬਹੁ ਪਰਤੀ ਹੈ। ਇਹ ਕਹਾਣੀ ਪਰਵਾਸ ਵਿਚ ਵਸਣ ਦੀ ਲਾਲਸਾ, ਉਥੇ ਕਠਨਾਈਆਂ ਅਤੇ ਪੰਜਾਬ ਦਾ ਹੇਜ ਦਾ ਪ੍ਰਗਟਾਵਾ ਕਰਦੀ ਹੈ। ਫੇਸ ਬੁੱਕ ਦੀ ਅਡਿਕਸ਼ਨ ਪੰਜਾਬ ਦੀ ਤਰ੍ਹਾਂ ਅਮਰੀਕਾ ਵਿਚ ਵੀ ਪੰਜਾਬੀਆਂ ਵਿਚ ਬਹੁਤ ਜ਼ਿਆਦਾ ਹੈ, ਖ਼ਾਸ ਤੌਰ ਤੇ ਸਾਹਿਤਕ ਗਰੁਪ ਬਣਾਕੇ ਸ਼ਾਹਵਾ ਵਾਹਵਾ ਖੱਟਣ ਦੀ ਪ੍ਰਵਿਰਤੀ ਭਾਰੂ ਹੈ ਜਦੋਂ ਕਿ ਬਹੁਤੇ ਅਕਾਊਂਟ ਫ਼ਰਜੀ ਹੁੰਦੇ ਹਨ। ਫ਼ਰਜੀ ਅਕਾਊਂਟ ਵਾਲੇ ਭਾਵਨਾਤਮਕ ਤੌਰ ਤੇ ਬਲੈਮੇਲਿੰਗ ਕਰਦੇ ਹਨ। ਅਜੋਕੇ ਯੁਗ ਦੇ ਫੇਸ ਬੁੱਕੀ ਵਰਤਾਰੇ ਦਾ ਪਾਜ ਖੋਲ੍ਹਿਆ ਗਿਆ ਹੈ, ਜਿਸ ਵਿਚ ਸਮੁੱਚੇ ਪਰਿਵਾਰ ਵਿਚ ਫੇਸ ਬੁੱਕ ਲਈ ਲਲਕ ਲੱਗੀ ਰਹਿੰਦੀ ਹੈ। ਲੋਹ-ਪੁਰਸ਼ ਕਹਾਣੀ ਭਾਵੇਂ ਉਸਨੇ ਆਪਣੇ ਪਿਤਾ ਦੇ ਜੀਵਨ ਬਾਰੇ ਲਿਖੀ ਹੈ ਪ੍ਰੰਤੂ ਇਸ ਵਿਚ ਜਿਹੜੇ ਮੁੱਦੇ ਉਠਾਏ ਗਏ ਹਨ ਉਹ ਅਤਿ ਸੰਵੇਦਨਸ਼ੀਲ ਹਨ। ਪੰਜਾਬੀਆਂ ਨੇ ਪੰਜਾਬ ਦੇ ਕਾਲੇ ਦੌਰ ਵਿਚ ਜਿਹੜਾ ਸੰਤਾਪ ਹੰਢਾਇਆ ਹੈ, ਉਸਨੂੰ ਸੁਰਜੀਤ ਨੇ ਬਹੁਤ ਹੀ ਭਾਵਨਾਤਮਕ ਢੰਗ ਨਲ ਪੇਸ਼ ਕੀਤਾ ਹੈ ਕਿ ਕਿਵੇਂ ਹਸਦੇ ਵਸਦੇ ਬੇਕਸੂਰ ਪਰਿਵਾਰ ਬਿਨਾ ਵਜਾਹ ਕਾਲੇ ਦਿਨਾ ਦੀ ਲਪੇਟ ਵਿਚ ਆਉਂਦੇ ਰਹੇ ਹਨ। ਨਿੱਜੀ ਦਰਦਨਾਕ ਘਟਨਾ ਨੂੰ ਲੋਕਾਂ ਦੀ ਸਮੱਸਿਆ ਬਣਾਕੇ ਪੇਸ਼ ਕਰ ਦਿੱਤਾ ਹੈ। ਤੂੰ ਭਰੀਂ ਹੁੰਗਾਰਾ ਪਰਵਾਸ ਵਿਚ ਰਹਿ ਰਹੇ ਪੰਜਾਬੀ ਪਰਿਵਾਰ ਦੀ ਕਹਾਣੀ ਹੈ, ਜਿਸ ਵਿਚ ਭਾਵੇਂ ਪਰਿਵਾਰ ਦੀ ਮੁੱਖੀ ਇਸਤਰੀ ਅਮਰੀਕਾ ਵਿਚ ਰਹਿ ਰਹੀ ਹੈ ਪ੍ਰੰਤੂ ਪੰਜਾਬ ਦੀ ਮਿੱਟੀ ਨਾਲ ਬਾਖ਼ੂਬੀ ਜੁੜੀ ਹੋਈ ਹੈ। ਰਬੜ ਦੇ ਪਲਾਂਟ ਨੂੰ ਸਾਧਨ ਬਣਾਕੇ ਉਹ ਕੁਦਰਤ ਦੇ ਗੁਣ ਗਾ ਰਹੀ ਹੈ। ਕੁਦਰਤ, ਦਰਖਤਾਂ, ਜ਼ਮੀਨ ਦੋਜ਼ ਪਾਣੀ ਦੀ ਦੁਰਵਰਤੋਂ ਬਾਰੇ ਪ੍ਰੇਰਿਤ ਕਰਦੀ ਹੈ ਪ੍ਰੰਤੂ ਉਨ੍ਹਾਂ ਦੀਆਂ ਲੜਕੀਆਂ ਆਪੋ ਆਪਣੇ ਮੋਬਾਈਲਾਂ ਤੇ ਰੁਝੀਆਂ ਹੋਈਆਂ ਹਨ, ਉਨ੍ਹਾਂ ਉਪਰ ਪਰਵਾਸ ਦਾ ਰੰਗ ਚੜ੍ਹ ਗਿਆ ਹੈ। ਪੰਜਾਬ ਦੇ ਸਭਿਆਚਾਰ ਨਾਲ ਵੀ ਬਾਵਾਸਤਾ ਹੈ, ਪੀਂਘਾਂ ਝੂਟਣ ਅਤੇ ਬੋਲੀਆਂ ਪਾ ਕੇ ਮਨਪ੍ਰਚਾਵਾ ਕਰਨ ਦਾ ਵੀ ਪ੍ਰਗਟਾਵਾ ਕਰਦੀ ਹੈ। ਇਸਤੋਂ ਸ਼ਪਸ਼ਟ ਹੁੰਦਾ ਹੈ ਕਿ ਭਾਵੇਂ ਪੰਜਾਬੀ ਸੰਸਾਰ ਦੇ ਕਿਸੇ ਵੀ ਦੇਸ਼ ਵਿਚ ਚਲੇ ਜਾਣ ਪ੍ਰੰਤੂ ਪੰਜਾਬ ਦਾ ਹੇਜ ਉਨ੍ਹਾਂ ਵਿਚ ਬਰਕਰਾਰ ਰਹਿੰਦਾ ਹੈ। ਡਿਸਏਬਲ ਕਹਾਣੀ ਵੀ ਪਰਵਾਸ ਵਿਚ ਜਾਣ ਅਤੇ ਉਥੇ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਹੈ। ਪਹਿਲਾਂ ਮੀਰਾ ਬੜੀਆਂ ਮੁਸ਼ਕਲਾਂ ਦਾ ਮੁਕਾਬਲਾ ਕਰਕੇ ਸੈਟਲ ਹੁੰਦੀ ਹੈ। ਉਹ ਆਪਣੇ ਜਮਾਤੀ ਮਾਨਵ ਨਾਲ ਵਿਆਹ ਕਰਵਾ ਲੈਂਦੀ ਹੈ। ਉਸਨੂੰ ਸਪੌਂਸਰ ਕਰਕੇ ਅਮਰੀਕਾ ਬੁਲਾ ਲੈਂਦੀ ਹੈ। ਜਿਵੇਂ ਆਮ ਹੋ ਰਿਹਾ ਹੈ ਮਾਨਵ ਆਨੀ ਬਹਾਨੀ ਮੀਰਾ ਤੋਂ ਵੱਖ ਹੋ ਜਾਂਦਾ ਹੈ। ਵੱਖ ਹੋਣ ਤੋਂ ਪਹਿਲਾਂ ਇਕ ਦੂਜੇ ਦੇ ਚਰਿਤਰ ਤੇ ਚਿਕੜ ਛੁਟਦੇ ਹਨ। ਇਸ ਕਹਾਣੀ ਦਾ ਦੂਜਾ ਪੱਖ ਵੀ ਸੁਰਜੀਤ ਨੇ ਬਾਖ਼ੂਬੀ ਨਾਲ ਚਿਤਰਿਆ ਹੈ ਕਿ ਹਸਪਤਾਲ, ਡਾਕਟਰ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਮਾਫੀਆ ਕੰਮ ਕਰ ਰਿਹਾ ਹੈ ਪ੍ਰੰਤੂ ਇਸ ਮਾਫੀਏ ਨੇ ਰੋਜ਼ਗਾਰ ਦੇ ਸਾਧਨ ਵੀ ਪੈਦਾ ਕੀਤੇ ਹਨ। ਬੀਮਾ ਕੰਪਨੀਆਂ ਵੀ ਖਪਤਕਾਰਾਂ ਦਾ ਨਜ਼ਾਇਜ਼ ਲਾਭ ਉਠਾ ਰਹੀਆਂ ਹਨ ਅਤੇ ਮਰੀਜ਼ ਵੀ ਗ਼ਲਤ ਸੂਚਨਾਵਾਂ ਦੇ ਕੇ ਬੀਮਾ ਕੰਪਨੀਆਂ ਨੂੰ ਲੁੱਟਣ ਦੀ  ਕੋਸ਼ਿਸ਼ ਕਰਦੇ ਹਨ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਜਿਵੇਂ ਸੁਰਜੀਤ ਨੇ ਕਵਿਤਰੀ ਦੇ ਤੌਰ ਲੋਕਾਂ ਦੇ ਮਨਾਂ ਨੂੰ ਝੰਜੋੜਕੇ ਸੁਜੱਗ ਕੀਤਾ ਹੈ, ਉਸੇ ਤਰ੍ਹਾਂ ਕਹਾਣੀਕਾਰ ਦੇ ਤੌਰ ਤੇ ਵੀ ਪਾਠਕ ਦੀ ਝੋਲੀ ਭਰੇਗੀ।
                                                     

                                                       ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
                                                           ਮੋਬਾਈਲ-94178 13072
                                                                  

Have something to say? Post your comment

More Article News

ਕਲਮ ਦਾ ਧਨੀ : ਜਸਵਿੰਦਰ ਸਿੰਘ ਰੁਪਾਲ/ਪ੍ਰੀਤਮ ਲੁਧਿਆਣਵੀ Pioneer of Modern Punjabi Poetry : BHAI VIR SINGH / Prof. Nav Sangeet Singh ਦੁਪੱਟਾ ਔਰਤ ਦੇ ਸਿਰ ਦਾ ਤਾਜ/ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ। ਡਾ. ਪ੍ਰਿਅੰਕਾ ਰੈਡੀ ਹਬਸ ਕਾਂਡ: ਹੈਵਾਨੀਅਤ ਦੀ ਸ਼ਿਖ਼ਰ/ਬਘੇਲ ਸਿੰਘ ਧਾਲੀਵਾਲ ਜਸਦੇਵ ਜੱਸ ਦੀ ਪੁਸਤਕ ''ਰੌਸ਼ਨੀ ਦੀਆਂ ਕਿਰਚਾਂ'' ਦਿਹਾਤੀ ਜੀਵਨ ਸ਼ੈਲੀ ਦਾ ਬ੍ਰਿਤਾਂਤ/ਉਜਾਗਰ ਸਿੰਘ ਨਾਰੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਵਿਵਸਥਾ ਕਦੋਂ ?/ਹਰਪ੍ਰੀਤ ਕੌਰ ਘੁੰਨਸ ਡੇਂਟੋਫੋਬਿਆ/ਡਾ: ਰਿਪੁਦਮਨ ਸਿੰਘ ਤੇ ਡਾ: ਕਮਲ ਪ੍ਰੀਤ ਕੌਰ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਦੋਸ਼ੀਆਂ ਨੂੰ ਚੌਰਾਹੇ ਵਿੱਚ ਮੌਤ ਦੀ ਸਜ਼ਾ ਦੇਣ ਦੀ ਜਰੂਰਤ- ਲਵਸ਼ਿੰਦਰ ਸਿੰਘ ਡੱਲੇਵਾਲ ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਪ੍ਰਾਕਿਰਤਕ ਦ੍ਰਿਸ਼ ~ ਪ੍ਰੋ. ਨਵ ਸੰਗੀਤ ਸਿੰਘ ਕੀ ਕਦੇ ਜ਼ਾਤ ਪਾਤ ਦਾ ਭੇਦ ਭਾਵ ਖਤਮ ਹੋ ਸਕਦਾ ਹੈ?/ਬਲਰਾਜ ਸਿੰਘ ਸਿੱਧੂ ਐਸ.ਪੀ.
-
-
-