Friday, July 10, 2020
FOLLOW US ON

Article

ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ

November 10, 2019 02:47 AM

ਪੁਸਤਕ ਰੀਵਿਊ    ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ)  ਲੇਖਕ ਹੀਰਾ ਸਿੰਘ ਤੂਤ

ਪੇਜ: 112  ਕਵਿਤਾਵਾਂ 79  ਕੀਮਤ: 130 ਰੁਪਏ  ਪ੍ਰਕਾਸ਼ਨ  ਪੰਜ ਆਬ ਪ੍ਰਕਾਸ਼ਨ ਜਲੰਧਰ

ਹੀਰਾ ਸਿੰਘ ਤੂਤ ਸਾਹਿਤਕ ਖੇਤਰ ਵਿੱਚ ਇੱਕ ਜਾਣਿਆ-ਪਛਾਣਿਆ ਹਸਤਾਖਰ ਹੈ।ਇਸ ਹੱਥਲੀ ਪੁਸਤਕ ਤੋਂ ਪਹਿਲਾਂ ਇਸੇ ਕਲਮ ਤੋਂ ਤਿੰਨ ਕਾਵਿ-ਸੰਗ੍ਰਹਿ (ਫਿੱਕੇ ਰੰਗ, ਕੁੱਝ ਰੰਗ, ਤੇ ਬੇਰੰਗ ਸਾਹਿਤ ਦੇ ਖੇਤਰ ਵਿੱਚ ਆਪਣੀਆਂ ਸੁਗੰਧੀਆਂ ਖਿਲਾਰ ਰਹੇ ਹਨ) ਪਗਡੰਡੀਆ ਕਹਾਣੀ ਸੰਗ੍ਰਹਿ ਨੇ ਵੀ ਸਾਹਿਤਕ ਹਲਕਿਆਂ ਵਿਚ ਹੀਰਾ ਸਿੰਘ ਤੂਤ ਦੀ ਨਿਵੇਕਲੀ ਪਛਾਣ ਬਣਾਈ ਹੈ।(ਬੱਸ ਏਦਾਂ ਹੀ) ਇੱਕ ਨਾਵਲ ਵੀ ਇਸੇ ਕਲ਼ਮ ਚੋਂ ਪੁੰਗਰ ਚੁੱਕਿਆ ਹੈ।
ਇਹ “ਮੇਰੇ ਹਿੱਸੇ ਦੀ ਲੋਅ“ਤੂਤ ਸਾਹਿਬ ਦੀ ਸੱਤਵੀਂ ਪੁਸਤਕ ਹੈ।ਦੋ ਹਜ਼ਾਰ ਸਤਾਰਾਂ ਤੋਂ ਲੇਖਣੀ ਨੂੰ ਪੂਰੀ ਤਰ੍ਹਾਂ ਸਮਰਪਿਤ ਇਸ ਲੇਖਕ ਨੇ ਸਾਹਿਤਕ ਹਲਕਿਆਂ ਵਿਚ ਵਿਲੱਖਣ ਪੈੜਾਂ ਪਾਈਆਂ ਹਨ। ਹੱਡਬੀਤੀਆਂ ਜੱਗ ਬੀਤੀਆਂ ਅਲੱਗ-ਅਲੱਗ ਘਟਨਾਵਾਂ ਦਾ ਜ਼ਿਕਰ ਕਰਦਿਆਂ ਤੂਤ ਸਾਹਿਬ ਪਾਠਕ ਨੂੰ ਆਪਣੇ ਨਾਲ ਨਾਲ ਤੋਰਨ ਦਾ ਪਾਂਧੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਸਨ ਦੋ ਹਜ਼ਾਰ ਉਨੀਂ ਚ ਆਇਆ ਮਿੰਨੀ ਕਹਾਣੀ ਸੰਗ੍ਰਹਿ“ਸ਼ਕਤੀ ਪ੍ਰਦਰਸ਼ਨ“ਖੁੱਲ੍ਹਕੇ ਕਾਮੇਂ ਲੋਕਾਂ ਦੀ ਮਾਨਸਿਕਤਾ ਦੀ ਜਿਉਂਦੀ ਜਾਗਦੀ ਮਿਸਾਲ ਹੈ ਜਿਸ ਦੀ ਚੁਫ਼ੇਰਿਓਂ ਸ਼ਲਾਘਾ ਕੀਤੀ ਗਈ ਹੈ।

     ਪਿੱਛੇ ਜਿਹੇ ਇੱਕ ਸਲਾਨਾਂ ਸਾਹਿਤਕ ਸਮਾਗਮ ਵਿੱਚ ਮੰਡੀ ਬਰੀਵਾਲਾ ਵਿਖੇ ਉਨ੍ਹਾਂ ਦੀ ਇਸ ਹੱਥਲੀ ਪੁਸਤਕ ਦੀ ਘੁੰਡ ਚੁਕਾਈ ਕੀਤੀ ਗਈ,ਜਿਸ ਵਿੱਚ ਦਾਸ ਕਿਸੇ ਕਾਰਨ ਵੱਸ ਨਹੀਂ ਸੀ ਪਹੁੰਚ ਸਕਿਆ ਤੇ ਤੂਤ ਸਾਹਿਬ ਨੇ ਉਚੇਚੇ ਤੌਰ ਤੇ ਇਹ ਪੁਸਤਕ ਦਾਸ ਨੂੰ ਡਾਕ ਰਾਹੀਂ ਭੇਜ ਦਿੱਤੀ। ਮੈਂ ਧੰਨਵਾਦੀ ਹਾਂ ਹੀਰਾ ਸਿੰਘ ਤੂਤ ਜੀ ਦਾ ਜਿਨ੍ਹਾਂ ਨੇ ਇਹ ਮਹੱਤਵਪੂਰਨ ਗੁਲਦਸਤਾ ਮੈਨੂੰ ਘਰ ਬੈਠੇ ਬਿਠਾਏ ਪੜ੍ਹਾਇਆ।
ਕਿੱਤੇ ਵਜੋਂ ਇੱਕ ਸਫਲ ਅਧਿਆਪਕ ਦੇ ਤੌਰ ਤੇ ਵਿਚਰਦਿਆਂ ਹੀਰਾ ਸਿੰਘ ਤੂਤ ਨੇ ਆਪਣੇ ਹੱਡੀਂ ਹੰਢਾਇਆ ਦਰਦ ਤੇ ਕਾਮਿਆਂ ਦੇ ਦਰਦ ਦੀ ਜੋ ਵਿਆਖਿਆ ਆਪਣੀਆਂ ਰਚਨਾਵਾਂ ਵਿਚ ਕੀਤੀ ਹੈ ਇਹੀ ਗੱਲ ਉਸ ਦੇ ਨਰਮ ਦਿਲ ਤੇ ਇਨਸਾਨੀਅਤ ਦੀ ਜਿਉਂਦੀ ਜਾਗਦੀ ਮਿਸਾਲ ਹੈ।ਇਸ ਹੱਥਲੀ ਪੁਸਤਕ ਵਿਚ ਉਸ ਨੇ ਭਖਦੇ ਮਸਲਿਆਂ ਤੇ ਕਵਿਤਾਵਾਂ ਲਿਖਕੇ ਇਸ ਪੁਸਤਕ ਨੂੰ ਸਮੇਂ ਦੇ ਹਾਣ ਦੀ ਤੇ ਮਿਆਰੀ ਪੁਸਤਕ ਬਣਾਇਆ ਹੈ। ਕਰਤਾਰ ਪੁਰ ਲਾਂਘੇ ਦੀ ਗੱਲ ਉਨ੍ਹਾਂ ਨੇ ਬਿਲਕੁਲ ਪਹਿਲੀ ਰਚਨਾ ਵਿੱਚ,ਹਿੰਦ ਦੀ ਚਾਦਰ ਦੂਜੀ ਕਵਿਤਾ,ਸਾਈ ਭਲੀ ਕਾਰ ਤੀਸਰੀ ਤੇ ਇਨਕਲਾਬ ਚੌਥੀ ਕਵਿਤਾ ਵਿਚ ਕਰਕੇ ਜੇ ਕਹਿ ਲਿਆ ਜਾਵੇ ਕਿ ਇਸ ਕਿਤਾਬ ਦੀ ਕੀਮਤ ਪਾਠਕਾਂ ਨੂੰ ਮੋੜਨ ਦੀ ਗੱਲ ਬਾਖੂਬੀ ਕੀਤੀ ਹੈ ਤਾਂ ਨਿਰਸੰਦੇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਬਹੁਤ ਹੀ ਵਧੀਆ ਕਵਿਤਾਵਾਂ ਦੇ ਇਸ ਗੁਲਦਸਤੇ ਵਿੱਚ ਜਿਥੇ ਪੁਲਵਾਮਾ ਦੇ ਸ਼ਹੀਦਾਂ ਦੀ ਗੱਲ ਕੀਤੀ ਹੈ ਓਥੇ ਪਿੱਛੇ ਜਿਹੇ ਬੋਰਵੈਲ ਵਿੱਚ ਡਿਗੇ“ਫਤਿਹਵੀਰ“ਦੀ ਦਰਦ ਕਹਾਣੀ ਵੀ ਬਿਆਨ ਕੀਤੀ ਗਈ ਹੈ। ਜਿੰਦਗੀ ਦੇ ਤਿੰਨ ਰੰਗ,ਟੱਪੇ, ਅਖਬਾਰ ਦੀਆਂ ਸੁਰਖੀਆਂ ਦੀਆਂ ਗੱਲਾਂ ਨੂੰ ਵੀ ਬਹੁਤ ਭਾਵਪੂਰਤ ਜਾਣਕਾਰੀ ਹਿੱਤ ਕਵਿਤਾਵਾਂ ਵਿਚ ਦਰਜ ਕੀਤਾ ਹੈ ਤੂਤ ਸਾਹਿਬ ਨੇ। ਅਜੋਕੇ ਸਾਹਿਤਕਾਰਾਂ ਦੀ ਗੱਲ ਲੁਧਿਆਣੇ ਟੇਸ਼ਨ ਨਾਮ ਦੀ ਕਵਿਤਾ ਵਿਚ ਬਾਖੂਬੀ ਚਿਤਵਿਆ ਹੈ। ਨਦੀਆਂ ਦਰਿਆਵਾਂ ਤੇ ਗੰਧਲੇ ਹੋ ਰਹੇ ਪਾਣੀ ਦੀ ਗੱਲ ਬਹੁਤ ਹੀ ਸ਼ਿੱਦਤ ਨਾਲ“ਪਾਣੀ“ਨਾਮੀਂ ਕਵਿਤਾ ਵਿਚ ਉਲੀਕੀ ਗਈ ਹੈ। ਅਖ਼ਬਾਰਾਂ ਦਾ ਮੁੱਦਾ,ਟੀ ਵੀ ਚੈਨਲਾਂ ਦਾ ਮੁੱਦਾ,ਸ। ਸ਼ਹੀਦਾਂ ਦਾ, ਮਾਸੂਮਾਂ ਦਾ,ਹਜੂਮਾਂ ਦੇ ਮੁੱਦਿਆਂ ਨੂੰ“ਮੁੱਦਾ'“ਨਾਮੀ ਕਵਿਤਾ ਵਿਚ ਬੜੀ ਦਲੇਰੀ ਨਾਲ ਉਘਾੜਿਆ ਹੈ। ਮੈਂ ਕਵਿਤਾ ਲਿਖਦਾ ਹਾਂ, ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਦੀ ਗੱਲ ਕਰਦੀ ਕਵਿਤਾ (ਇਨਸਾਨ) ਵਿੱਚ ਇਨਸਾਨੀਅਤ ਦੇ ਕੀ ਗੁਣ ਹੋਣ ਦੀ ਗੱਲ ਉੱਘੜ ਕੇ ਸਾਹਮਣੇ ਆਉਂਦੀ ਹੈ। ਗੁਰਾਂ ਦੀ ਦੇਹ ਨਾਮੀਂ ਕਵਿਤਾ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਬਹੁਤ ਸਾਰੇ ਭਗਤਾਂ ਦੀ ਗੱਲ ਬਾਖੂਬੀ ਕਰਦੀ ਹੈ। ਮਾਂ, ਸੁਪਨੇ, ਹੋਂਦ,ਫ਼ਰਕ, ਭੁਲੇਖੇ,ਅਣਜੋੜ, ਪਹਿਰਾਵਾ, ਸਾਡੇ ਹੱਕ, ਸਾਰੀਆਂ ਹੀ ਕਵਿਤਾਵਾਂ ਯਥਾਰਥ ਦੇ ਨੇੜੇ ਦੀ ਬਾਖ਼ੂਬੀ ਹਾਮ੍ਹੀ ਭਰਦੀਆਂ ਹਨ।“ਗਰਾਉਂਡ ਲੈਵਲ“ਕਵਿਤਾ ਵਿਚ ਇਕ ਓਸ ਕੁੜੀ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਬਾਕੀ ਪਰਿਵਾਰ ਦੀ ਸਾਂਭ-ਸੰਭਾਲ ਤੇ ਬਾਲ ਮਨਾਂ ਦੀ ਤਰਜਮਾਨੀ ਕਰਦਾ ਮਨ ਮਮਤਾ ਤੋਂ ਸੱਖਣਾ ਪਨ ਵੀ ਬਹੁਤ ਕੁੱਝ ਕਰ ਗੁਜ਼ਰਨ ਲਈ ਉਤਾਵਲਾ ਹੈ।ਪਰ ਇਸ ਕਵਿਤਾ ਦੇ ਨਾਮ ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਜਾਪਦਾ ਹੈ, ਕਿੰਨਾ ਚੰਗਾ ਹੁੰਦਾ ਜੇ ਪੰਜਾਬੀ ਮਾਂ ਬੋਲੀ ਵਿੱਚ ਹੀ ਘੋਖ ਕਰਕੇ ਇਸ ਦਾ ਕੋਈ ਢੁਕਵਾਂ ਨਾਮ ਰੱਖਿਆ ਜਾਂਦਾ।

    ਇਸੇ ਤਰ੍ਹਾਂ ਸ਼ਬਦ, ਪਰਿਵਰਤਨ,ਕਾਇਆ ਕਲਪ,ਓਮ ਨਮ-ਸ਼ਇਵਾਏ , ਮਹਾਂ ਯੁੱਧ, ਦਲੇਰੀ,ਕੌਣ ਆਖਦਾ ਹੈ, ਖੁਸ਼ੀ ਗਮੀ, ਮੂਰਖ਼, ਕੌੜਤੁੰਮਾ ਤੇ ਆਪਸੀ ਗੱਲ ਕੀ ਸਾਰੀਆਂ ਹੀ ਨਿੱਕੀਆਂ ਨਿੱਕੀਆਂ ਕਵਿਤਾਵਾਂ ਆਪਣੇ ਆਪ ਵਿਚ ਬਹੁਤ ਕੁੱਝ ਸਮੋਈ ਬੈਠੀਆਂ ਗੱਲ ਕੀ ਸਾਰੀਆਂ ਹੀ ਕਵਿਤਾਵਾਂ ਮਨ ਨੂੰ ਸਕੂਨ ਦਿੰਦੀਆਂ ਜਾਪਦੀਆਂ ਹਨ।
ਹੀਰਾ ਸਿੰਘ ਤੂਤ ਦੀ ਇਸ ਬਹੁਤ ਹੀ ਵਧੀਆ ਤੇ ਮਿਆਰੀ “ਮੇਰੇ ਹਿੱਸੇ ਦੀ ਲੋਅ-ਕਾਵਿ ਸੰਗ੍ਰਹਿ“
ਨਾਮੀਂ ਇਸ ਕਾਵਿ-ਸੰਗ੍ਰਹਿ ਨੂੰ ਸਾਹਿਤਕ ਹਲਕਿਆਂ ਵਿਚ ਜੀ ਆਇਆਂ ਕਹਿਣਾ ਬਣਦਾ ਹੈ।ਇਸ ਪੁਸਤਕ ਦੇ ਸ਼ੁਰੂ ਵਿੱਚ ਜੋ(ਮੇਰੇ ਸ਼ਬਦ) ਉਨ੍ਹਾਂ ਆਪਣੇ ਵੱਲੋਂ ਲਿਖੇ ਨੇ ਉਨ੍ਹਾਂ ਵਿਚ ਤੂਤ ਸਾਹਿਬ ਨੇ ਲੋਕਾਂ ਦੇ ਦਰਦ ਨਾ ਕਰਨ ਦੀ ਵੀ ਇੱਕ ਗੱਲ ਕਹੀ ਹੈ ਕਿ ਮੈਂ ਕਿਉਂ ਐਵੇਂ ਲੁਕਾਈ ਦੇ ਦੁੱਖ-ਸੁੱਖ ਲਿਖਦਾ ਫਿਰਾਂ ਜਦ ਕਿ ਅਜੋਕੇ ਸਮਿਆਂ ਵਿੱਚ ਹਰ ਇੱਕ ਇਨਸਾਨ ਹੀ ਗੁਰਬੱਤ ਭਰੀ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਆਪਨੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਲਿਖਿਆ ਹੈ ਕਿ ਦਿਲ ਕਰਦੈ ਕਿ ਮੈਂ ਲਿਖਣਾ ਛੱਡ ਦੇਵਾਂ ਪਰ ਮਨ ਫਿਰ ਵੀ ਕਲ਼ਮ ਚੱਕਣ ਲਈ ਭਾਵ ਲਿਖ਼ਣ ਲਈ ਮਜਬੂਰ ਕਰ ਦਿੰਦਾ ਹੈ।ਦਾਸ ਦੀ ਇੱਕ ਨਿੱਜੀ ਰਾਇ ਹੈ ਕਿ ਤੂਤ ਸਾਹਿਬ ਇਹ ਗੱਲ ਬਿਲਕੁਲ ਵੀ ਮਨ ਦੇ ਵਿੱਚ ਜੀਉਂਦੇ ਜੀਅ ਕਦੇ ਵੀ ਨਹੀਂ ਲਿਆਉਣੀ ਕਿ ਮੈਂ ਲਿਖਣਾ ਛੱਡ ਦੇਵਾਂ।ਇਹੀ ਤਾਂ ਹੁਸੀਨ ਜ਼ਿੰਦਗੀ ਬਣਾਉਣ ਲਈ ਅਤਿ ਜ਼ਰੂਰੀ ਕਾਰਜ ਹੈ, ਲੋਕਾਂ ਦੀ ਗੱਲ ਕਰੀਏ ਸੱਚੀ ਗੱਲ ਬੇਖੌਫ ਹੋ ਕੇ ਕਰੀਏ ਤੇ ਜਨ ਜਨ ਤੱਕ ਪਹੁੰਚਾਈਏ।

ਆਖਿਰ ਵਿੱਚ ਦਾਸ ਵੱਲੋਂ ਹੀਰਾ ਸਿੰਘ ਤੂਤ ਜੀ ਨੂੰ ਓਨਾਂ ਦੀ ਬਹੁਤ ਹੀ ਮਿਆਰੀ ਪੁਸਤਕ ਇਸ ਕਾਵਿ-ਸੰਗ੍ਰਹਿ ਦੀਆਂ ਢੇਰ ਸਾਰੀਆਂ ਮੁਬਾਰਕਾਂ ਤੇ ਪਾਠਕਾਂ/ਸਰੋਤਿਆਂ ਤੇ ਦੋਸਤਾਂ ਮਿੱਤਰਾਂ ਨੂੰ ਇਸ ਪੁਸਤਕ ਨੂੰ ਪੜ੍ਹਨ ਦਾ ਦਾਸ ਅਨੁਰੋਧ ਕਰਦਾ ਹੈ।

-ਜਸਵੀਰ ਸ਼ਰਮਾਂ ਦੱਦਾਹੂਰ 95691-49556
ਸ੍ਰੀ ਮੁਕਤਸਰ ਸਾਹਿਬ

Have something to say? Post your comment