Friday, December 06, 2019
FOLLOW US ON

Poem

ਨਿੱਤ ਸੀ ਕਰਦੇ ਅਰਦਾਸਾਂ .... ਜਗਤਾਰ ਰਾਏਪੁਰੀਆ

November 10, 2019 03:00 AM

ਗੁਰੂ ਨਾਨਕ ਪਾਤਿਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਚਨਾ ਅਤੇ  ਅਸੀਂ ਅਰਦਾਸ ਵਿੱਚ ਰੋਜ ਕਹਿੰਦੇ ਸੀ
ਕਿ ਹੇ ਮਹਾਰਾਜ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ, ਗੁਰਧਾਮਾਂ ਦੇ ਜਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ
ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਣਾ, ਅੱਜ ਪਰਮਾਤਮਾ ਨੇ ਸੁਣ ਲਈ ਜੋ
ਅੱਜ ਉਮੀਦ ਪੂਰੀ ਹੋ ਗਈ। ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ

ਨਿੱਤ ਸੀ ਕਰਦੇ ਅਰਦਾਸਾਂ
ਕਿਤੋਂ ਵਿਛੜੇ ਮਿਲਾ ਦੇ
ਮਨ ਵਿੱਚ ਜਿਹੜੀ ਤਾਂਘ ਸੀ ਉਮੜੀ
ਉਸ ਨੂੰ ਪੂਰੀ ਪਾ ਦੇ
ਪਾ ਦਿੱਤੇ ਚਾਲੇ ਸੰਗਤੇ
ਪਹੁੰਚਣ ਲਈ ਹਜ਼ੂਰ
ਅੱਜ ਜੀ ਝਲਕੇ
ਝਲਕੇ ਜੀ ਸਭ ਦੀਆਂ ਅੱਖੀਆਂ ਤੋਂ ਨੂਰ

ਵਿਛੜਿਆ ਨਨਕਾਣਾ ਸੀ
ਤਰਸਦੇ ਸੀ ਨੈਣ ਬੜੇ
ਦਰਸ਼ਨ ਅੱਜ ਖੁੱਲ੍ਹੇ ਹੋਣੇ
ਸੰਗਤਾਂ ਨੂੰ ਵਿੱਚ ਰੜੇ
ਆਖਿਰ ਉਮੀਦਾਂ ਨੂੰ ਵੀ
ਪੈ ਹੀ ਗਿਆ ਬੂਰ
ਅੱਜ ਜੀ ਝਲਕੇ
ਝਲਕੇ ਜੀ ਸਭ ਦੀਆਂ ਅੱਖੀਆਂ ਤੋਂ ਨੂਰ

ਸਭ ਦੀਆਂ ਉਡੀਕਾਂ ਮੁੱਕੀਆਂ
ਦਰਸ਼ਨ ਹੋ ਗਏ ਨਨਕਾਣੇ ਦੇ
ਉਸ ਦੇ ਨੇ ਚੋਜ ਅਵੱਲੇ
ਰੱਖਦਾ ਵਿੱਚ ਭਾਣੇ ਦੇ
ਸਾਹਾਂ ਤੋਂ ਨੇੜੇ ਲੱਗੇ
ਜਿਹੜਾ ਕੋਹਾਂ ਸੀ ਦੂਰ
ਅੱਜ ਜੀ ਝਲਕੇ
ਝਲਕੇ ਜੀ ਸਭ ਦੀਆਂ ਅੱਖੀਆਂ ਤੋਂ ਨੂਰ

ਦੇਖਾਂ ਕਿਤੇ ਮੈਂ ਵੀ ਜਾ ਕੇ
ਉਸ ਇਤਿਹਾਸ ਨੂੰ
ਬੇਬੇ ਨਾਨਕੀ ਦਾ ਵੀਰਾ ਮਿਲਣੈ
ਮਿਲਣੈ ਅੱਜ ਦਾਸ ਨੂੰ
'ਜਗਤਾਰ' ਹੱਥ ਜੋੜ ਕਰੇ ਅਰਦਾਸਾਂ
ਹੁਣ ਹੋਵੀਂ ਨਾ ਦੂਰ
ਅੱਜ ਜੀ ਝਲਕੇ
ਝਲਕੇ ਜੀ ਸਭ ਦੀਆਂ ਅੱਖੀਆਂ ਤੋਂ ਨੂਰ
ਜਗਤਾਰ ਰਾਏਪੁਰੀਆ

Have something to say? Post your comment