Article

ਸਿੱਖਿਆ ਸਕੱਤਰ ਵੱਲੋਂ ਸਿੱਖਿਆ ਬੋਰਡ ਦੇ ਲੇਖਿਕਾਂ ਕਵੀਆਂ ਕਲਾਕਾਰਾਂ ਦੀ ਬੁਲਾਈ ਮੀਟਿੰਗ ਦੇ ਸੰਦਰਭ ਵਿੱਚ/ਬਘੇਲ ਸਿੰਘ ਧਾਲੀਵਾਲ

January 24, 2020 08:51 PM

ਸਕੱਤਰ ਸਿੱਖਿਆ ਬੋਰਡ ਵੱਲੋਂ ਬੋਰਡ ਦੇ ਲੇਖਿਕਾਂ,ਕਵੀਆ ਸਮੇਤ ਸਮੂਹ ਪੰਜਾਬੀ ਕਲਾਕਾਰਾਂ ਦੀ ਮਿਲਣੀ ਬਨਾਮ ਚੰਡੀਗੜ ਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਦਿੱਤਾ ਗਿਆ ਧਰਨਾ

 
      ਪਿਛਲੇ ਦਿਨੀ ਪੰਜਾਬ ਦੇ ਬਹੁਤ ਸਾਰੇ ਕਵੀ ਦਿੱਲੀ ਵਿੱਚ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਕਰਵਾਏ ਗਏ ਕੌਮੀ ਕਵੀ ਦਰਵਾਰ ਵਿੱਚ ਸ਼ਾਮਲ ਹੋਣ ਲਈ ਗਏ ਸਨ।ਇਥਪਾਕ ਨਾਲ ਪੰਜਾਬੀ ਕਵੀ ਉਸ ਮੌਕੇ ਕਵੀ ਦਰਬਾ੍ਰ ਵਿੱਚ ਸਾਮਿਲ ਹੋਏ ਜਦੋਂ ਦੂਜੇ ਪਾਸੇ ਦਿੱਲੀ ਅੰਦਰ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਮੁਸਲਮਾਨ ਵਿਰੋਧੀ ਬਿਲ ਐਨ ਆਰ ਸੀ ਅਤੇ ਸੀ ਏ ਏ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਤੇ ਢਾਹੇ ਗਏ ਜੁਲਮਾਂ ਖਿਲਾਫ ਸ਼ਹੀਨ ਬਾਗ ਵਿੱਚ ਮੁਸਲਮ ਔਰਤਾਂ ਅਤੇ ਬੱਚਿਆਂ ਵੱਲੋਂ ਲਗਾਤਾਰ ਦਿਨ ਰਾਤ ਦਾ ਧਰਨਾ ਦਿੱਤਾ ਜਾ ਰਿਹਾ ਸੀ,ਜਿਹੜਾ ਅੱਜ ਤੱਕ ਵੀ ਜਾਰੀ ਹੈ।ਪੰਜਾਬੀ ਕਵੀਆਂ ਤੇ ਇਹ ਦੋਸ਼ ਲੱਗ ਰਹੇ ਸਨ ਕਿ ਸ਼ਹੀਨ ਬਾਗ ਧਰਨੇ ਵਿੱਚ ਹਰ ਇੱਕ ਇਨਸਾਫ ਪਸੰਦ ਵਿਅਕਤੀ ਅਪਣੀ ਹਾਜਰੀ ਲਗਵਾ ਰਿਹਾ ਹੈ,ਫਿਰ ਉਹ ਵਰਗ ਜਿਹੜਾ ਸਮਾਜ ਨੂੰ ਸੇਧ ਦੇਣ ਦੀ ਗੱਲ ਕਰਦਾ ਹੈ,ਤੇ ਜਿਸਨੇ ਅਪਣੇ ਲੋਕਾਂ ਦੀ ਨੁਮਾਇੰਦਗੀ ਅਪਣੀ ਕਲਮ ਦੇ ਜਰੀਏ,ਅਪਣੀ ਕਵਿਤਾ ਦੇ ਜਰੀਏ ਅਪਣੀ ਰਚਨਾ ਦੇ ਜਰੀਏ ਕਰਨੀ ਹੁੰਦੀ,ਜੇਕਰ ਉਹ ਹੀ ਸਮੇ ਦੀਆਂ ਹਕੂਮਤਾਂ ਵੱਲੋਂ ਕੀਤੇ ਜਾਂਦੇ ਜਬਰ ਜੁਲਮ ਤੋ ਅੱਖਾਂ ਮੀਟ ਕੇ ਉਹਨਾਂ ਫਾਸੀਵਾਦੀ ਤਾਕਤਾਂ ਦੇ ਸੋਹਿਲੇ ਗਾਉਣ ਨੂੰ ਤਰਜੀਹ ਦੇਵੇ ਤਾਂ ਫਿਰ ਲੋਕ ਕੀਹਦੇ ਤੋ ਆਸ ਰੱਖਣ ? ਇਹ ਸੁਆਲ ਲਗਾਤਾਰ ਸ਼ੋਸ਼ਲ ਮੀਡੀਏ ਤੇ ਉੱਠਦਾ ਰਿਹਾ ਹੈ,ਜਿਸ ਦਾ ਉਹਨਾਂ ਤਕਰੀਬਨ ਦੋ ਦਰਜਨ ਕਵੀਆਂ ਪਾਸ ਕੋਈ ਜਵਾਬ ਨਹੀ ਸੀ,ਜਿੰਨਾਂ ਨੇ ਦਿੱਲੀ ਦੇ ਸ਼ਹੀਨ ਬਾਗ ਜਾਣ ਦੀ ਬਜਾਏ ਸ੍ਰੀ ਰਾਮ ਸੈਂਟਰ ਮੰਡੀ ਹਾਊਸ ਵੱਲ ਜਾਣ ਨੂੰ ਤਰਜੀਹ ਦਿੱਤੀ।
 
        ਬਹੁਤ ਸਾਰੇ ਲੇਖਿਕਾਂ ਅਤੇ ਗੈਰ ਲੇਖਿਕਾਂ ਨੇ ਵਿਅਕਤੀਗਤ ਤੌਰ ਤੇ ਇਸ ਤਰਾਂ ਦੀਆਂ ਟਿੱਪਣੀਆਂ ਵੀ ਫੇਸਬੁੱਕ ਤੇ ਕੀਤੀਆਂ ਕਿ “ਜੇਕਰ ਮੈ ਦਿੱਲੀ ਗਿਆ ਹੁੰਦਾ ਤਾਂ ਮੇਰੇ ਕਦਮ ਮੰਡੀ ਹਾਊਸ ਵੱਲ ਨਹੀ ਸ਼ਹੀਨ ਬਾਗ ਵੱਲ ਜਾਣ ਨੂੰ ਤਰਜੀਹ ਦਿੰਦੇ”।ਸੋ ਇਹ ਤਾਂ ਸੀ ਉਹਨਾਂ ਪੰਜਾਬੀ ਕਵੀਆਂ ਦੀ ਗੱਲ ਜਿਹੜੇ ਸਾਇਦ ਇਸ ਗੱਲ ਨੂੰ ਵਿਚਾਰਨਾ ਹੀ ਭੁੱਲ ਗਏ ਸਨ ਕਿ ਦਿੱਲੀ ਵਿੱਚ ਜੁਲਮ ਦੀਆਂ ਸਤਾਈਆਂ ਇੱਕ ਖਾਸ ਫਿਰਕੇ ਦੀਆਂ ਔਰਤਾਂ ਤੇ ਬੱਚੇ ਇਸ ਅੰਤਾਂ ਦੀ ਸਰਦੀ ਵਿੱਚ ਠੁਰ ਠੁਰ ਕਰਦੇ ਅਪਣੀ ਕੌਂਮ ਤੇ ਹੋ ਰਹੇ ਜੁਲਮਾਂ ਦੇ ਇਨਸਾਫ ਦੀ ਮੰਗ ਕਰ ਰਹੇ ਹਨ। ਇੱਕ ਅਜਿਹੀ ਘਟਨਾ ਜਿਹੜੀ ਦਿੱਲੀ ਦੇ ਸ਼ਹੀਨ ਬਾਗ ਦੇ ਧਰਨੇ ਅਤੇ ਮੰਡੀ ਹਾਉੂਸ ਦੇ ਕਵੀ ਦਰਬਾਰ ਨਾਲ ਇਸ ਕਰਕੇ ਮੇਲ ਖਾਦੀ,ਹੈ ਕਿ ਵਰਤਾਰਾ ਤਕਰੀਬਨ ਇੱਕੋ ਜਿਹਾ ਹੀ ਸੀ,ਪਰ ਫਰਕ ਸਿਰਫ ਐਨਾ ਕੁ ਹੈ ਦਿੱਲੀ ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਵਾਲੇ ਕਵੀਆਂ ਨੇ ਸ਼ਹੀਨ ਬਾਗ ਦੇ ਹੱਕੀ ਧਰਨੇ ਨੂੰ ਖੁਦ ਅੱਖੋਂ ਪਰੋਖੇ ਕਰ ਦਿੱਤਾ ਸੀ,ਪ੍ਰੰਤੂ ਚੰਡੀਗੜ ਵਿੱਚ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਦਿੱਤੇ ਜਾਣ ਵਾਲੇ ਧਰਨੇ ਤੋ ਸਿੱਖਿਆ ਬੋਰਡ ਨੇ ਅਪਣੇ ਮਤਾਹਿਤ ਨੌਕਰੀ ਕਰਦੇ ਪੰਜਾਬੀ ਦੇ ਲੇਖਿਕਾਂ,ਕਵੀਆਂ,ਗਾਇਕਾਂ,ਅਤੇ ਪੰਜਾਬੀ ਥੀਏਟਰ  ਨਾਲ ਜੁੜੇ ਕਲਾਕਾਰਾਂ ਨੂੰ ਬੜੀ ਚਲਾਕੀ ਨਾਲ ਰੋਕ ਦਿੱਤਾ ਹੈ।ਹੋਇਆ ਇੰਝ ਕਿ ਕੁੱਝ ਦਿਨ ਪਹਿਲਾਂ ਚੰਡੀਗੜ ਦੀਆਂ ਕੁੱਝ ਪੰਜਾਬੀ ਪ੍ਰਸਤ ਸੰਸਥਾਵਾਂ ਜਿਹੜੀਆਂ ਲੰਮੇ ਸਮੇ ਤੋ ਚੰਡੀਗੜ ਅੰਦਰ ਹੋ ਰਹੀ ਪੰਜਾਬੀ ਦੀ ਅਣਦੇਖੀ ਨੂੰ ਠੱਲ ਪਾਉਣ ਲਈ ਅਤੇ ਚੰਡੀਗੜ ਅੰਦਰ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਲਾਗੂ ਕਰਨ ਲਈ ਚੰਡੀਗੜ ਪੰਜਾਬੀ ਮੰਚ ਦੀ ਅਗਵਾਈ ਹੇਠ ਸੰਘਰਸ਼ ਕਰ ਰਹੀਆਂ ਹਨ,ਉਹਨਾਂ ਵੱਲੋਂ ਧਰਨਾ ਦੇਣ ਦਾ ਪਰੋਗਰਾਮ ਦਿੱਤਾ ਹੋਇਆ ਸੀ,ਜਿਸ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਪ੍ਰਸਤਾਂ ਨੂੰ ਸੱਦਾ ਦਿੱਤਾ ਗਿਆ ਸੀ,ਪ੍ਰੰਤੂ ਐਨ ਉਸ ਮੌਕੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਨੇ ਵੀ ਇੱਕ ਅਜਿਹਾ ਫੁਰਮਾਨ ਜਾਰੀ ਕਰ ਦਿੱਤਾ ਕਿ ਜਿਹੜੇ ਵੀ ਸਿੱਖਿਆ ਵਿਭਾਗ ਵਿੱਚ ਨੌਕਰੀ ਕਰਨ ਵਾਲੇ ਅਧਿਆਪਕ ਭਾਵੇਂ ਉਹ ਥਿਏਟਰ ਨਾਲ ਜੁੜੇ ਹੋਏ ਕਲਾਕਾਰ ਹੋਣ,ਭਾਵੇਂ ਗਾਇਕ ਹੋਣ,ਲੇਖਿਕ ਹੋਣ ਜਾਂ ਕਵੀ ਹੋਣ ਭਾਵ ਅਪਣੀ ਨੌਕਰੀ ਪੇਸੇ ਤੋ ਇਲਾਵਾ ਕਿਸੇ ਵੀ ਖੇਤਰ ਵਿੱਚ ਵਿਚਰਦੇ ਹੋਏ ਪੰਜਾਬੀ ਲਈ ਕੰਮ ਕਰ ਰਹੇ ਹਨ,ਉਹਨਾਂ ਦੀ ਇੱਕ ਜਰੂਰੀ ਮੀਟਿੰਗ 23 ਜਨਵਰੀ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਸਿੱਖਿਆ ਬੋਰਡ ਮੋਹਾਲੀ ਵਿਖੇ ਬੁਲਾਈ ਗਈ, ਤਾਂ ਕਿ ਕੋਈ ਵੀ ਪੰਜਾਬੀ ਲੇਖਿਕ ਕਲਾਕਾਰ ਚੰਡੀਗੜ ਦੇ ਧਰਨੇ ਵਿੱਚ ਸਾਮਿਲ ਹੋਣ ਦਾ ਵਿਚਾਰ ਅਪਣੇ ਮਨ ਵਿੱਚ ਵੀ ਨਾ ਲੈ ਕੇ ਆਵੇ,ਹੋਇਆ ਵੀ ਇਸਤਰਾਂ ਹੀ ਕਿ ਸਿੱਖਿਆ ਸਕੱਤਰ ਦੇ ਹੁਕਮਾਂ ਤੇ ਸਿੱਖਿਆ ਬੋਰਡ ਮੋਹਾਲੀ ਵਿਖੇ ਤਕਰੀਬਨ ਸਾਢੇ ਸੱਤ ਸੌ ਤੋ ਵੱਧ ਲੇਖਿਕ,ਕਵੀ ਤੇ ਕਲਾਕਾਰ ਪਹੁੰਚੇ ਹੋਏ ਸਨ।
 
        ਸਿੱਖਿਆ ਬੋਰਡ ਵੱਲੋਂ ਖੇਡੀ ਗਈ ਇਸ ਚਲਾਕੀ ਨੂੰ ਅਣਗੌਲਿਆ ਕਰਨਾ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਹਿਤ ਵਿੱਚ ਨਹੀ ਹੈ। ਜਦੋ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਕੁੱਝ ਲੇਖਿਕਾਂ ਨਾਲ ਸੰਪਰਕ ਕਰਕੇ ਇਹ ਜਾਨਣਾ ਚਾਹਿਆ ਕਿ ਸਕੱਤਰ ਸਿੱਖਿਆ ਬੋਰਡ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਉਹਨਾਂ ਦੀ ਕੀ ਭੂਮਿਕਾ ਰਹੀ ਤਾਂ ਉਹਨਾਂ ਦੱਸਿਆ ਕਿ ਕੁੱਝ ਕੁ ਕਲਾਕਾਰਾਂ ਤੋਂ ਛੁੱਟ ਸਾਡੀ ਤਾਂ ਕੋਈ ਭੁਮਿਕਾ ਹੀ ਨਹੀ ਸੀ,ਬੱਸ ਚਾਹ ਦੇ ਕੱਪ ਨਾਲ ਇੱਕ ਇੱਕ ਸਮੋਸਾ ਖਾਕੇ ਵਾਪਸ ਆ ਗਏ ਹਾਂ।ਜਦੋ ਉਹਨਾਂ ਦਾ ਧਿਆਨ ਚੰਡੀਗੜ ਵਿੱਚ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਦਸ਼ਾ ਸਬੰਧੀ ਦਿੱਤੇ ਜਾਣ ਵਾਲੇ ਧਰਨੇ ਵੱਲ ਦਿਵਾਇਆ ਤਾਂ ਉਹਨਾਂ ਇੱਕਦਮ ਹੈਰਾਨ ਹੁੰਦਿਆਂ ਇਹ ਜਵਾਬ ਦਿੱਤਾ ਕਿ ਅਸੀ ਵੀ ਸੋਚ ਰਹੇ ਸੀ ਕਿ ਸਾਡੇ ਕੋਲੋ ਸੁਣਿਆ ਵੀ ਕੁੱਝ ਨਹੀ ਗਿਆ,ਫਿਰ ਅਚਾਨਕ ਸਿੱਖਿਆ ਵਿਭਾਗ ਨੂੰ ਅੱਜ ਸਾਡੀ ਯਾਦ ਕਿਵੇ ਆ ਗਈ,ਸੋ ਹੁਣ ਸਮਝ ਆਈ ਹੈ ਕਿ ਜੇਕਰ ਅੱਜ ਦੀ ਮੀਟਿੰਗ ਨਾਂ ਹੁੰਦੀ ਤਾਂ ਪੰਜਾਬ ਦੇ ਬਹੁਤ ਸਾਰੇ ਅਧਿਆਪਕਾਂ ਨੇ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਹਨ ਤੇ ਜਿਹੜੇ ਪੰਜਾਬੀ ਨੂੰ ਵੱਧਦਾ ਫੁੱਲਦਾ ਦੇਖਣ ਦੀ ਦਿਲੋਂ ਤਾਂਘ ਰੱਖਦੇ ਹਨ,ਉਹਨਾਂ ਨੇ ਛੁੱਟੀਆਂ ਲੈ ਕੇ ਵੀ ਚੰਡੀਗੜ ਪਹੁੰਚਣਾ ਸੀ ਤਾਂ ਕਿ ਪੰਜਾਬੀ ਦੀ ਹੱਕੀ ਲੜਾਈ ਵਿੱਚ ਹਾਂ ਦਾ ਨਾਹਰਾ ਮਾਰਿਆ ਜਾ ਸਕਦਾ,ਪਰੰਤੂ ਸਿੱਖਿਆ ਵਿਭਾਗ ਵੱਲੋਂ ਰੱਖੀ ਮੀਟਿੰਗ ਨੇ ਸਾਡਾ ਚੰਡੀਗੜ ਜਾਣ ਵਾਲਾ ਰਸਤਾ ਬੜੀ ਚਲਕੀ ਤੇ ਸਾਫਗੋਈ ਨਾਲ ਰੋਕ ਦਿੱਤਾ।ਸਿੱਖਿਆ ਵਿਭਾਗ ਅੰਦਰ ਪੰਜਾਬੀ ਦੇ ਦੁਸ਼ਮਣਾਂ ਵੱਲੋਂ ਪੰਜਾਬੀ ਨੂੰ ਖੋਰਾ ਲਾਉਣ ਲਈ ਭਾਵੇਂ ਪਹਿਲਾਂ ਵੀ ਯਤਨ ਕੀਤੇ ਜਾ ਰਹੇ ਹਨ,ਜਿਸ ਵਿੱਚ ਉਹ ਲਗਾਤਾਰ ਸਫਲ ਵੀ ਹੁੰਦੇ ਆ ਰਹੇ ਹਨ,ਪਰੰਤੂ ਪੰਜਾਬੀ ਵਿਰੋਧੀ ਲਾਬੀ ਵੱਲੋਂ ਐਨਾ ਬਰੀਕੀ ਨਾਲ ਇਸ ਪਾਸੇ ਧਿਆਨ ਦੇਣਾ ਦਰਸਾਉਂਦਾ ਹੈ ਕਿ ਪੰਜਾਬ ਦੁਸ਼ਮਣ ਤਾਕਤਾਂ ਦੇ ਇਰਾਦੇ ਪੰਜਾਬ ਲਈ ਕਿੰਨੇ ਬਦਨੀਤੀ ਭਰਪੂਰ,ਈਰਖਾਲੂ ਤੇ ਖਤਰਨਾਕ ਹਨ।ਜਿਸ ਸੰਸਥਾ ਨੇ ਪੰਜਾਬੀ ਦੀ ਬੁਨਿਆਦ ਨੂੰ ਪਕੇਰਾ ਕਰਨਾ ਹੈ,ਪੰਜਾਬੀ ਭਾਸ਼ਾ ਨੂੰ  ਹੋਰ ਅਮੀਰ ਬਨਾਉਣਾ ਹੈ,ਜਦੋ ਉਹਨਾਂ ਸੰਸਥਾਵਾਂ ਤੇ ਪੰਜਾਬੀ ਵਿਰੋਧੀ ਲੋਕ ਕਾਬਜ ਹੋਣਗੇ ਤਾਂ ਪੰਜਾਬੀ ਦੇ ਭਲੇ ਦੀ ਆਸ ਕਿਵੇਂ ਅਤੇ ਕੀਹਦੇ ਤੋ ਕੀਤੀ ਜਾ ਸਕਦੀ ਹੈ।ਜਿਕਰਯੋਗ ਇਹ ਵੀ ਹੈ ਕਿ ਜਦੋੰ ਤੋਂ ਸ੍ਰੀ ਕ੍ਰਿਸ਼ਨ ਕੁਮਾਰ ਨੇ ਬਤੌਰ ਸਕੱਤਰ ਸਿੱਖਿਆ ਬੋਰਡ ਕਾਰਜਭਾਰ ਸੰਭਾਲਿਆ ਹੈ,ਉਸ ਸਮੇ ਤੇ ਹੀ ਉਹਨਾਂ ਉੱਪਰ ਆਰ ਐਸ ਐਸ ਦੇ ਕੱਟੜ ਸਮੱਰਥਕ ਹੋਣ ਦੇ ਦੋਸ਼ ਲੱਗਦੇ ਆ ਰਹੇ ਹਨ,ਉਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੇ ਸੁਧਾਰ ਵੀ ਕੀਤੇ ਹਨ,ਅਤੇ ਸਿੱਖਿਆ ਬੋਰਡ ਦੀ ਇਸ ਮਿਲਣੀ ਤੋ ਅਧਿਆਪਕਾਂ ਦਾ ਲੇਖਿਕ ਵਰਗ ਖੁਸ਼ ਵੀ ਦਿਖਾਈ ਦਿੰਦਾ ਹੈ,ਪ੍ਰੰਤੂ ਪੰਜਾਬੀ ਨੂੰ ਖਤਮ ਕਰਨ ਦੀ ਸ਼ਰਤ ਤੇ ਉਹਨਾਂ ਦੇ ਸੁਧਾਰਾਂ ਨੂੰ ਕਦੇ ਵੀ ਸਹੀ ਨਹੀ ਮੰਨਿਆ ਜਾ ਸਕਦਾ। ਸਕੱਤਰ ਸਿੱਖਿਆ ਬੋਰਡ ਪੰਜਾਬ ਨੇ ਸਿਖਿਆ ਬੋਰਡ ਨਾਲ ਸਬੰਧਤ
   
ਲੇਖਿਕਾਂ,ਕਵੀਆਂ,ਗਾਇਕਾਂ ਸਮੇਤ ਸਮੂਹ ਪਜਾਬੀ ਕਲਾਕਾਰਾਂ ਨਾਲ ਮਿਲਣੀ ਦਾ ਪਰੋਗਰਾਮ ਉਸ ਦਿਨ,ਉਸ ਸਮੇ ਰੱਖਿਆ ਜਦੋ ਚੰਡੀਗੜ ਚ ਪੰਜਾਬੀ ਪਰੇਮੀਆਂ ਵੱਲੋ ਪੰਜਾਬੀ ਨੂੰ ਪਹਿਲਾ ਦਰਜਾ ਦਿਵਾਉਣ ਲਈ ਧਰਨਾ ਦਿੱਤਾ ਜਾ ਰਿਹਾ ਸੀ। ਧਰਨੇ ਦਾ ਸਮਾ 10-30 ਤੋਂ 2 ਵਜੇ ਤੱਕ ਦਾ ਸੀ ਅਤੇ ਓਧਰ ਸਿੱਖਿਆ ਬੋਰਡ ਦੀ ਮਿਲਣੀ ਦਾ ਸਮਾ ਵੀ 11 ਤੋ 2 ਵਜੇ ਤੱਕ ਦਾ ਰੱਖਿਆ ਗਿਆ। ਸਿਖਿਆ ਬੋਰਡ ਦੇ ਸਮੁਚੇ ਬੁਧੀਜੀਵੀ ਆਰ ਐਸ ਐਸ ਦੀਆਂ ਚਲਾਕੀਆਂ ਨੂੰ ਗੰਭੀਰਤਾ ਨਾਲ  ਲੈਣ ।ਸਕੱਤਰ ਸਿੱਖਿਆ ਬੋਰਡ ਪੰਜਾਬ ਦੇ ਇਸ ਫੈਸਲੇ ਤੇ ਅਪਣਾ ਪ੍ਰਤੀਕਰਮ ਦਿੰਦਿਆਂ ਚੰਡੀਗੜ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਸਰਪੰਚ ਨੇ ਕਿਹਾ ਹੈ ਕਿ ਸਕੱਤਰ ਸਿੱਖਿਆ ਬੋਰਡ ਨੇ ਪੰਜਾਬੀ ਨੂੰ ਚੰਡੀਗੜ ਦੀ ਪਹਿਲੀ ਅਤੇ ਪਰਸ਼ਾਸ਼ਕੀ ਭਾਸ਼ਾ ਬਨਾਉਣ ਲਈ ਲੜੀ ਜਾ ਰਹੀ ਲੜਾਈ ਨੂੰ ਕਮਜੋਰ ਕਰਨ ਅਤੇ ਲਾਏ ਗਏ ਧਰਨੇ ਨੂੰ ਅਸਫਲ ਬਨਾਉਣ ਖਾਤਰ ਹੀ ਇਹ ਮੀਟਿੰਗ ਦੇ ਨਾਦਰਸ਼ਾਹੀ ਫੁਰਮਾਨ ਜਾਰੀ ਕੀਤੇ। ਜਿੱਥੇ ਪੰਜਾਬੀ ਲਈ ਕੰਮ ਕਰ ਰਹੀਆਂ ਚੰਡੀਗੜ ਦੀਆਂ ਸੰਸਥਾਵਾਂ ,ਕਲੱਬਾਂ ਸਮੇਤ ਚੰਡੀਗੜ ਪੰਜਾਬੀ ਮੰਚ ਦੇ ਸੰਘਰਸ਼ੀ ਕੰਮਾ ਦੀ ਸਰਾਹਨਾ ਕੀਤੀ ਜਾਣੀ ਬਣਦੀ ਹੈ,ਓਥੇ ਹਰ ਪੰਜਾਬੀ ਦਾ ਇਹ ਫਰਜ ਵੀ ਬਣਦਾ ਹੈ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਦੁਸ਼ਮਣਾਂ ਦੀਆਂ ਖੋਟੀਆਂ ਨੀਤਾਂ ਤੇ ਅਪਣੀ ਬਾਜ ਨਜਰ ਬਣਾ ਕੇ ਰੱਖੇ,ਤਾਂ ਕਿ ਉਹਨਾਂ ਦੀਆਂ ਪੰਜਾਬੀ ਨੂੰ ਢਾਹ ਲਾਉਣ ਦੀਆਂ ਸਾਜਿਸ਼ਾਂ ਨੂੰ ਨਾਕਾਮ ਕੀਤਾ ਜਾ ਸਕੇ।
 
ਬਘੇਲ ਸਿੰਘ ਧਾਲੀਵਾਲ
Have something to say? Post your comment