Poem

ਕਰ ਲਓ ਕਾਰਜ ਚੰਗੇ/ਜਸਵੀਰ ਸ਼ਰਮਾਂ ਦੱਦਾਹੂਰ

January 24, 2020 08:54 PM
ਕਰ ਲਓ ਕਾਰਜ ਚੰਗੇ/ਜਸਵੀਰ ਸ਼ਰਮਾਂ ਦੱਦਾਹੂਰ

 

ਉੱਤੋਂ ਹੋਰ ਤੇ ਵਿੱਚੋਂ ਹੋਰ, ਕਈ ਅੱਜਕਲ੍ਹ ਦੇ ਬੰਦੇ।
ਡੱਕਾ ਭੰਨਕੇ ਕਰਨ ਨਾ ਦੂਹਰਾ,ਆਖਣ ਚੌਪਟ ਧੰਦੇ।।
 
ਪਰਿਵਾਰ ਤੇ ਸਮਾਜ ਨੂੰ ਦੱਸੋ,ਕੀ ਆਸ ਹੈ ਓਨਾਂ ਤੋਂ?
ਕਿਸੇ ਨੂੰ ਮਿੱਠਾ ਬੋਲ ਨਾ ਬੋਲਣ, ਸ਼ਬਦ ਬੋਲਣ ਜੋ ਮੰਦੇ।।
 
ਸਭਨਾਂ ਦੇ ਹੀ ਨੱਕੋਂ ਬੁੱਲ੍ਹੋਂ ਆਦਮੀ ਓਹੋ ਲਹਿ ਜਾਂਦੇ।
ਘਟੀਆ ਹਰਕਤਾਂ ਨਾਲ ਅਲਾਪਣ ਬੋਲ ਸਦਾ ਜੋ ਗੰਦੇ।।
 
ਕੁੱਝ ਕਰਦਿਆਂ ਨੂੰ ਰੋਕਣ ਵਾਲੇ,ਆਮ ਮਨੁੱਖ ਨੇ ਇਥੇ।
ਸਲਾਹੁਣ ਬਜਾਏ ਨਿੰਦਦੇ ਰਹਿੰਦੇ,ਦਮੂੰਹੇਂ ਫੇਰ ਕੇ ਰੰਦੇ।।
 
ਨਾ ਹੱਲਾਸ਼ੇਰੀ ਦੇ ਕੇ ਕਿਸੇ ਨੂੰ ਕੋਈ ਰਾਜ਼ੀ।
ਦੋਸਤੋ ਵਿੱਢੇ ਕਾਰਜ ਤਾਂਹੀਓਂ ਪੈਂਦੇ ਬਸਤੇ ਠੰਡੇ।।
 
ਭੈੜੀ ਸੋਚ ਉਜਾਗਰ ਓਨਾਂ ਦੀ ਹੋ ਜਾਂਦੀ।
ਇਕੱਠੇ ਕਰਕੇ ਝੂਠਾਂ ਦੇ ਜੋ ਬੰਨ੍ਹੀ ਫਿਰਨ ਪੁਲੰਦੇ।।
 
ਸਮਾਜ ਭਲਾਈ ਖਾਤਰ ਥਾਂ ਥਾਂ ਠੱਗੀ ਮਾਰਨ ਲੋਕਾਂ ਨਾ।
ਦਰ ਦਰ ਤੋਂ ਹੀ ਵੇਖੇ ਦੋਸਤੋ, ਮੰਗਦੇ ਫਿਰਦੇ ਚੰਦੇ।।
 
ਦੱਦਾਹੂਰੀਆ ਬਚਜਾ ਇਨ੍ਹਾਂ ਸਮਾਜ ਦੇ ਠੇਕੇਦਾਰਾਂ ਤੋਂ।
ਹੱਥੀਂ ਕਰ ਲਈਂ ਕਾਰਜ ਜੋ ਵੀ ਲੱਗਣ ਚੰਗੇ।।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
9569149556
Have something to say? Post your comment