Poem

ਕੈਸਾ ਗਣਤੰਤਰ ਹੈ **************** ਪ੍ਰੋ. ਨਵ ਸੰਗੀਤ ਸਿੰਘ

January 24, 2020 11:13 PM
ਕੈਸਾ ਗਣਤੰਤਰ ਹੈ
                         ****************
                                    #  ਪ੍ਰੋ. ਨਵ ਸੰਗੀਤ ਸਿੰਘ
 
        ਪੱਤ ਔਰਤ ਦੀ ਲਾਈ ਦਾਅ ਉੱਤੇ 
        ਅਸੀਂ ਲੰਮੀਆਂ ਤਾਣ ਕੇ ਹਾਂ ਸੁੱਤੇ। 
        ਬਾਜ਼ੀ ਲੈ ਗਏ ਸਾਥੋਂ ਕੁੱਤੇ 
        ਉਂਜ ਸਾਡਾ ਦੇਸ਼ ਸੁਤੰਤਰ ਹੈ।
 
        ਸੁਣ ਹੁਸਨਾਂ- ਇਸ਼ਕਾਂ ਦੇ ਕਿੱਸੇ 
        ਜੁੱਸੇ ਹੋ ਗਏ ਸਾਡੇ ਲਿੱਸੇ। 
        ਘਟਦੀ ਮਹਿੰਗਾਈ ਨਾ ਦਿੱਸੇ 
        ਵਧਦੀ ਇਹ ਨਿੱਤ-ਨਿਰੰਤਰ ਹੈ।
 
        ਨਾ ਕੁੱਲੀ, ਗੁੱਲੀ, ਨਾ ਜੁੱਲੀ
        ਝੂਠਿਆਂ ਦੀ ਵੇਖੋ ਪੋਲ ਖੁੱਲ੍ਹੀ।
        ਮਾਨਸ ਦੀ ਇੱਕੋ ਜ਼ਾਤ ਭੁੱਲੀ 
        ਭੁੱਲਿਆ ਸਾਨੂੰ ਗੁਰਮੰਤਰ ਹੈ।
 
        ਲਾਰਿਆਂ ਦੀ ਆਈ ਹਨੇਰੀ ਹੈ
        ਉੱਠੀਏ, ਕਿਉਂ ਢਾਈ ਢੇਰੀ ਹੈ।
        ਰਿਸ਼ਵਤ ਹੈ, ਹੇਰਾ-ਫੇਰੀ ਹੈ 
        ਮੇਰੇ ਦੇਸ਼ ਦੀ ਉਲਝੀ ਬਣਤਰ ਹੈ।
 
        ਵੱਢ ਦਿੱਤੇ ਸਾਰੇ ਰੁੱਖ ਅਸੀਂ 
        ਹੁਣ ਸਹਿੰਦੇ ਪਏ ਹਾਂ ਦੁੱਖ ਅਸੀਂ।
        ਬੱਚੀਆਂ ਨੂੰ ਮਾਰਿਆ ਕੁੱਖ ਅਸੀਂ 
        ਕੈਸਾ ਇਹ ਵੈਦ ਧਨੰਤਰ ਹੈ।
 
        ਕੀਤੇ ਲੋਕਾਂ ਕੁਕਰਮ ਕਈ 
        ਵਿੱਚ ਡੇਰਿਆਂ ਜਾ ਕੇ ਸ਼ਰਨ ਲਈ। 
        ਨਾ ਧਰਮ ਰਿਹਾ, ਨਾ ਸ਼ਰਮ ਰਹੀ 
        ਹੋਇਆ ਈਮਾਨ ਉਡੰਤਰ ਹੈ।
 
        ਨਸ਼ਿਆਂ ਕੀਤੇ ਕੰਗਾਲ ਅਸੀਂ 
        ਹਾਲੋਂ ਹੋਏ ਬੇਹਾਲ ਅਸੀਂ।
        ਹਨ ਕਿੰਜ ਬਿਤਾਏ ਸਾਲ ਅਸੀਂ
        ਕਿਸ ਰਚਿਆ ਇਹ ਛੜਯੰਤਰ ਹੈ।
 
        ਕਹਿੰਦੇ ਨੇ ਲੋਕੀਂ, ਲੋਕਾਂ ਦਾ
        'ਰੂਹੀ' ਨੂੰ ਜਾਪੇ, ਜੋਕਾਂ ਦਾ। 
        ਪੈਸਾ ਖਾਧਾ ਹੈ ਤੋਪਾਂ ਦਾ 
        ਦੱਸੋ, ਕੈਸਾ ਗਣਤੰਤਰ ਹੈ! 
 
******************************************
# ਅਕਾਲ ਯੂਨੀਵਰਸਿਟੀ , ਤਲਵੰਡੀ ਸਾਬੋ-151302 (ਬਠਿੰਡਾ)    9417692015. 
Have something to say? Post your comment