Article

ਤ੍ਰਾਸਦੀ.../ਜਸਵੀਰ ਸ਼ਰਮਾਂ ਦੱਦਾਹੂਰ

February 17, 2020 09:32 PM

ਤ੍ਰਾਸਦੀ.../ਜਸਵੀਰ ਸ਼ਰਮਾਂ ਦੱਦਾਹੂਰ 


ਤੀਹ ਕਿਲੋ ਆਟਾ ਪੱਕਣ ਵਾਲੇ ਘਰਾਂ ਚ ਹੁਣ ਪੱਕਦਾ ਹੈ ਦਸ ਕਿਲੋ ਆਟਾ...
ਜੇਕਰ ਥੋੜ੍ਹਾ ਜਿਹਾ ਪਿਛਲੇ ਸਮਿਆਂ ਤੇ ਗੌਰ ਕਰੀਏ ਤਾਂ ਕੋਈ ਸਮਾਂ ਪੰਜਾਬ ਵਿੱਚ ਇਹੋ ਜਿਹਾ ਵੀ ਰਿਹਾ ਹੈ ਕਿ ਖਾਣ ਪੀਣ ਤੇ ਸਿਹਤਮੰਦ ਸਰੀਰ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ ਸੀ। ਜਿਵੇਂ ਜਿਵੇਂ ਅਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਲੱਗੇ ਹਾਂ ਓਸੇ ਹਿਸਾਬ ਨਾਲ ਸਾਡੇ ਰਹਿਣ ਸਹਿਣ ਖਾਣ ਪੀਣ ਬੋਲ ਚਾਲ ਦੇ ਢੰਗ ਤਰੀਕਿਆਂ ਚ ਬਹੁਤ ਫਰਕ ਨਹੀਂ ਬਲਕਿ ਗਿਰਾਵਟ ਵੀ ਆਈ ਹੈ।ਘਰ ਦੇ ਦੁੱਧ ਘਿਓ ਲਵੇਰੇ ਬਿਨਾਂ ਰੇਹਾਂ ਸਪਰੇਆਂ ਤੇ ਕੀਟਨਾਸ਼ਕਾਂ ਤੋਂ ਫ਼ਸਲਾਂ ਖੰਭ ਲਾ ਕੇ ਉੱਡ ਪੁੱਡ ਹੀ ਗੲੀਆਂ ਹਨ। ਕਣਕ ਬਾਜਰਾ ਮੱਕੀ ਕਦੇ ਕਦੇ ਜਵਾਰ ਨੂੰ ਵੀ ਵਿੱਚ ਪੀਹ ਕੇ ਖਾਂਦੇ ਰਹੇ ਹਨ ਸਾਡੇ ਪੁਰਖੇ। ਓਨਾਂ ਸਮਿਆਂ ਦੇ ਵਿੱਚ ਇਹ ਸਾਰੀਆਂ ਫਸਲਾਂ ਪਿਊਰ ਤੇ ਸ਼ੁੱਧ ਹੋਇਆ ਕਰਦੀਆਂ ਸਨ, ਕਿਉਂਕਿ ਸਿਰਫ਼ ਰੂੜੀ ਦੀ ਖਾਦ ਪਾ ਕੇ ਹੀ ਫਸਲਾਂ ਨੂੰ ਪਕਾਇਆ ਜਾਂਦਾ ਰਿਹਾ ਹੈ।ਮਿਲਾਵਟ ਵਾਲਾ ਕੋਈ ਜ਼ਮਾਨਾ ਨਹੀਂ ਸੀ। ਇਸੇ ਕਰਕੇ ਸਰੀਰਾਂ ਦੇ ਵਿੱਚ ਤਾਕਤ ਤੇ ਤੰਦਰੁਸਤੀ ਹੋਇਆ ਕਰਦੀ ਸੀ।
    ਜੇਕਰ ਓਨਾਂ ਸਮਿਆਂ ਦੀ ਤੁਲਨਾ ਅਜੋਕੇ ਸਮਿਆਂ ਨਾਲ ਕਰੀਏ ਤਾਂ ਅੱਜ ਆਪਾਂ ਜ਼ਹਿਰ ਹੀ ਖਾਈ ਜਾ ਰਹੇ ਹਾਂ। ਬਿਨਾਂ ਰੇਹਾਂ ਸਪਰੇਆਂ ਤੇ ਕੀਟਨਾਸ਼ਕ ਪਾਉਣ ਤੋਂ ਕੋਈ ਵੀ ਫ਼ਸਲ ਹੋਣੋਂ ਹੀ ਹਟ ਗੲੀ ਤੇ ਸਾਲ ਵਿਚ ਤਿੰਨ ਜਾਂ ਚਾਰ ਫਸਲਾਂ ਲੈਣੀਆਂ ਸਾਡਾ ਟਰਿੰਡ ਬਣ ਗਿਆ ਹੈ ਇਸੇ ਕਰਕੇ ਸਾਡੀ ਬੁੱਧੀ ਵੀ ਭ੍ਰਿਸ਼ਟ ਹੋ ਚੁੱਕੀ ਹੈ। ਜਿਨ੍ਹਾਂ ਘਰਾਂ ਵਿੱਚ ਤੀਹ ਕਿਲੋ ਮਹੀਨੇ ਦਾ ਆਟਾ ਪੱਕਦਾ ਸੀ ਓਸ ਘਰਾਂ ਚ ਹੁਣ ਦਸ ਕਿਲੋ ਆਟਾ ਪੱਕਣ ਲੱਗ ਪਿਆ ਹੈ। ਕਿਉਂਕਿ ਫਾਸਟ ਫੂਡ ਦੇ ਸਵਾਦਾਂ ਨੇ ਅਜੋਕੀ ਸਾਰੀ ਹੀ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈ ਰੱਖਿਆ ਹੈ।ਜੀਭ ਦੇ ਸੁਆਦ ਨੇ ਸਾਰੀ ਦੁਨੀਆਂ ਨੂੰ ਪੱਟ ਦਿੱਤਾ ਹੈ। ਜੇਕਰ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਗਲਤ ਹੋਵੇਗੀ ਭਾਵੇਂ ਕਿਸੇ ਵੀ ਉਮਰ ਦੇ ਇਨਸਾਨ ਜਾਂ ਜ਼ਨਾਨੀਆਂ ਹੋਣ ਕੁੱਝ ਕੁ ਪ੍ਰਸੈਂਟ ਨੂੰ ਛੱਡ ਕੇ ਬਾਕੀ ਸਾਰੇ ਹੀ ਫਾਸਟ ਫੂਡ ਬਰਗਰ ਪੀਜ਼ੇ ਤੇ ਹੋਰ ਪਤਾ ਨਹੀਂ ਕੀ ਕੀ ਖਾ ਕੇ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ।ਹਰ ਘਰ ਦੇ ਮੂਹਰੇ ਹਰ ਮਹੱਲੇ ਤੇ ਹਰ ਕਲੋਨੀ ਵਿੱਚ ਐਸੀਆਂ ਸਟਾਲਾਂ ਤੇ ਤੁਰਦੀਆਂ ਫਿਰਦੀਆਂ ਦੁਕਾਨਾਂ ਦੀ ਭਰਮਾਰ ਹੈ। ਬਜ਼ਾਰਾਂ ਵਿੱਚ ਵੀ ਜਗ‌੍ਹਾ ਜਗ੍ਹਾ ਤੇ ਐਸੀਆਂ ਸਟਾਲਾਂ ਤੁਹਾਨੂੰ ਆਮ ਹੀ ਦਿਸ ਪੈਣਗੀਆਂ। ਐਤਵਾਰ ਜਾਂ ਫਿਰ ਛੁਟੀਆਂ ਵਾਲੇ ਦਿਨਾਂ ਵਿੱਚ ਤਾਂ ਇਨ੍ਹਾਂ ਦੀ ਹੋਰ ਵੀ ਬਹੁਤਾਤ ਹੁੰਦੀ ਹੈ ਤੇ ਲੋਕ ਘਰਾਂ ਦੇ ਵਿੱਚ ਆਟਾ ਗੁੰਨਣ ਤੇ ਪਕਾਉਣ ਨੂੰ ਭਾਰ ਸਮਝਦੇ ਹਨ।
  ਇਸੇ ਕਰਕੇ ਹੀ ਅੱਜਕਲ੍ਹ ਬਹੁਤ ਲੋਕ ਮੋਟਾਪੇ ਦਾ ਤੇ ਹੋਰ ਦੀਆਂ ਹੋਰ ਬੀਮਾਰੀਆਂ ਵਿੱਚ ਗ੍ਰਿਸਤ ਹੋ ਰਹੇ ਹਨ।ਪਰ ਕੀਤਾ ਕੀ ਜਾਵੇ ਜੀਭ ਦੇ ਸੁਆਦ ਨੇ ਦੁਨੀਆਂ ਨੂੰ ਪੱਟ ਦਿੱਤਾ ਹੈ। ਅਜੋਕੇ ਬੱਚਿਆਂ ਦੇ ਵਿੱਚ ਐਸੇ ਫਾਸਟ ਫੂਡ ਦਾ ਰੁਝਾਨ ਅਤਿਅੰਤ ਖਤਰਨਾਕ ਹੈ। ਓਨਾਂ ਨੂੰ ਘਰ ਵਿੱਚ ਪੱਕੀ ਹੋਈ ਘਰ ਦੀ ਰੋਟੀ ਤੋਂ ਤਾਂ ਜਿਵੇਂ ਨਫ਼ਰਤ ਹੀ ਹੋ ਗਈ ਹੈ ਇਸੇ ਕਰਕੇ ਹੀ ਤੀਹ ਕਿਲੋ ਆਟਾ ਪੱਕਣ ਵਾਲੇ ਘਰਾਂ ਵਿੱਚ ਸਿਰਫ਼ ਦਸ ਕਿਲੋ ਆਟਾ ਪੱਕਣ ਲੱਗ ਪਿਆ ਹੈ ਓਹ ਵੀ ਸਿਰਫ਼ ਇਸ ਕਰਕੇ ਕਿ ਉਸ ਘਰ ਵਿੱਚ ਕੋਈ ਬਜ਼ੁਰਗ ਰਹਿੰਦੇ ਹੋਣਗੇ।
   ਅਜੋਕੀਆਂ ਸਵਾਣੀਆਂ ਵੀ ਆਟਾ ਗੁੰਨਣ ਪਕਾਉਣ ਤੋਂ ਖਹਿੜਾ ਛੁਡਾਉਣ ਲਈ ਬਾਹਰਲੇ ਪੱਕੇ ਪਕਾਏ ਪਕਵਾਨਾਂ ਨੂੰ ਹੀ ਪਹਿਲ ਦਿੰਦੀਆਂ ਹਨ ਤੇ ਧੜਾ ਧੜ ਬੀਮਾਰੀਆਂ ਦੀ ਗ੍ਰਿਫਤ ਵਿੱਚ ਆਕੇ ਡਾਕਟਰਾਂ ਮੂੰਹੀਂ ਘਰ ਬਾਰ ਪੱਟ ਰਹੀਆਂ ਹਨ।
   ਐਸੇ ਹੀ ਫਾਸਟ ਫੂਡ ਸਕੂਲੀ ਬੱਚਿਆਂ ਨੂੰ ਵੀ ਸਕੂਲ ਵਿੱਚ ਲਜਾਣ ਦਿੱਤੇ ਜਾ ਰਹੇ ਹਨ।ਪਰ ਜੋ ਸਕੂਲਾਂ ਵਿੱਚ ਸਾਦਾ ਤੇ ਤਾਜਾ ਖਾਣਾ ਬਣਦਾ ਹੈ ਓਹ ਫਾਸਟ ਫੂਡ ਦਾ ਭੁੱਸ ਜਿਹਾ ਪੈ ਗਿਆ ਕਰਕੇ ਓਨਾਂ ਨੂੰ ਸਵਾਦ ਹੀ ਲੱਗਣੋਂ ਹਟ ਗਿਆ ਹੈ। ਇਸੇ ਕਰਕੇ ਹੀ ਨਾਮੁਰਾਦ ਬੀਮਾਰੀਆਂ ਦਾ ਲੱਗਣਾ ਆਮ ਜਿਹੀ ਗੱਲ ਹੋ ਗਈ ਹੈ। ਅਤਿਅੰਤ ਮਸਾਲੇ ਵਾਲੇ ਡੋਸੇ ਵਗੈਰਾ ਖਾ ਕੇ ਜਿਥੇ ਸਰੀਰਕ ਮੋਟਾਪਾ ਆਉਂਦਾ ਹੈ ਓਥੇ ਹੱਡੀਆਂ ਦਾ ਖੁਰਨਾ ਕਮਜ਼ੋਰ ਤੇ ਨਿਗ੍ਹਾ ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਜ਼ਿਆਦਾ ਤੇਜ਼ ਮਸਾਲੇ ਮਾੜਾ ਘਿਓ ਮਾੜੇ ਤੇਲਾਂ ਵਿਚ ਬਣਾਏ ਇਹ ਪਕਵਾਨ ਖਾਣ ਲਈ ਬੇਹੱਦ ਸਵਾਦਲੇ ਲੱਗਦੇ ਹਨ ਪਰ ਜੇਕਰ ਇਨ੍ਹਾਂ ਦੇ ਸਰੀਰੁ ਨੂੰ ਲੱਗਣ ਵਾਲੇ ਰੋਗਾਂ ਵੱਲ ਝਾਤੀ ਮਾਰੀਏ ਤਾਂ ਬਹੁਤ ਜ਼ਿਆਦਾ ਨੁਕਸਾਨ ਹਨ।
   ਅੱਜਕਲ੍ਹ ਤਾਂ ਬਹੁਤ ਸਾਰੇ ਇਨਸਾਨਾਂ ਨੂੰ ਕਣਕ ਖਾਣ ਤੋਂ ਵੀ ਡਾਕਟਰਾਂ ਨੇ ਮਨਾਂ ਕੀਤਾ ਹੋਇਆ ਹੈ ਮੈਨੂੰ ਤਾਂ ਓਨਾਂ ਇਨਸਾਨਾਂ ਦਾ ਵੀ ਪਤਾ ਹੈ ਜਿਨ੍ਹਾਂ ਨੇ ਪਿਛਲੇ ਦਸ ਸਾਲਾਂ ਤੋਂ ਕਣਕ ਖਾ ਕੇ ਹੀ ਨਹੀਂ ਵੇਖੀ ਸਿਰਫ਼ ਤੇ ਸਿਰਫ਼ ਫਰੂਟ ਛੋਲਿਆਂ ਦਾ ਆਟਾ ਜਾਂ ਹੋਰ ਕੁੱਝ ਖਾ ਕੇ ਗੁਜ਼ਾਰਾ ਕਰ ਰਹੇ ਹਨ।ਇਸ ਦਾ ਕਾਰਨ ਬਿਲਕੁਲ ਸਮਝ ਵਿੱਚ ਆਉਣ ਵਾਲਾ ਹੈ ਕਿ ਕਣਕ ਤੋਂ ਐਲਰਜੀ ਹੋ ਰਹੀ ਹੈ। ਇਸੇ ਕਰਕੇ ਸਾਡੇ ਵੱਡ ਵਡੇਰੇ ਪੁਰਖੇ ਬਦਲਵੀਂ ਰੋਟੀ ਭਾਵ ਕਦੇ ਕਣਕ ਕਦੇ ਛੋਲਿਆਂ ਦੀ ਕਦੇ ਜਵਾਰ ਬਾਜਰਾ ਮੱਕੀ ਦੀ ਖਾਇਆ ਕਰਦੇ ਸਨ ਤੇ ਤੰਦਰੁਸਤੀ ਓਨਾਂ ਦੇ ਇਰਦ ਗਿਰਦ ਰਹਿੰਦੀ ਸੀ।ਪਰ ਅੱਜਕਲ੍ਹ ਤਾਂ ਤੰਦਰੁਸਤੀ ਦਾ ਕਿਤੇ ਨੇੜੇ ਤੇੜੇ ਨਾਮ ਨਿਸ਼ਾਨ ਵੀ ਨਹੀਂ ਹੈ। ਜੇਕਰ ਇਉਂ ਹੀ ਲੋਕਾਈ ਨੇ ਖਾਣ ਪੀਣ ਦਾ ਪ੍ਰਹੇਜ਼ ਨਾ ਕੀਤਾ ਤਾਂ ਹੋਰ ਵੀ ਦੁੱਖਾਂ ਦੇ ਵਿੱਚ ਦਿਨੋਂ ਦਿਨ ਗ੍ਰਿਸਤ ਹੋਣ ਲਈ ਤਿਆਰ ਰਹੇ।
-ਜਸਵੀਰ ਸ਼ਰਮਾਂ ਦੱਦਾਹੂਰ 95691-49556
ਸ੍ਰੀ ਮੁਕਤਸਰ ਸਾਹਿਬ

Have something to say? Post your comment