Article

ਕਦੋਂ ਸਮਝਾਂਗੇ ਜ਼ਿਮੇਵਾਰੀ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

February 18, 2020 11:16 AM
ਕਦੋਂ ਸਮਝਾਂਗੇ ਜ਼ਿਮੇਵਾਰੀ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
 
ਪਤਾ ਨਹੀਂ ਕਦੋਂ ਸਾਨੂੰ ਸਮਝ ਆਏਗੀ ਅਤੇ ਕਦੋਂ ਅਸੀਂ ਗਲਤੀਆਂ ਅਤੇ ਦੁਰਘਟਨਾਵਾਂ ਤੋਂ ਕੁਝ ਸਿੱਖਾਂਗੇ। ਕਦੇ ਛੋਟੇ ਛੋਟੇ ਬੱਚਿਆਂ ਦੀ ਬਸ ਪੁੱਲ ਤੋਂ ਡਿੱਗ ਜਾਂਦੀ ਹੈ ਕਿਉਂਕਿ ਉਥੇ ਪੁੱਲ ਤੇ ਰੇਲਿੰਗ ਨਹੀਂ ਲੱਗੀ ਹੁੰਦੀ।ਕਦੇ ਤੇਜ਼ ਰਫ਼ਤਾਰ ਕਰਕੇ ਬਸ ਦਾ ਐਕਸੀਡੈਂਟ ਹੋ ਜਾਂਦਾ ਹੈ।ਹੁਣ ਬੱਚਿਆਂ ਦੀ ਵੈਨ ਨੂੰ ਅੱਗ ਲੱਗ ਗਈ ਅਤੇ ਛੋਟੇ ਛੋਟੇ ਬੱਚੇ ਜਿਉਂਦੇ ਉਸ ਵਿੱਚ ਸਨ ਗਏ।ਜਿਸ ਘਰਦੇ ਦੋ ਬੱਚੇ ਚਲੇ ਗਏ ਉਨ੍ਹਾਂ ਦਾ ਦਰਦ ਮਹਿਸੂਸ ਕਰਕੇ ਵੇਖੇ ਪ੍ਰਸ਼ਾਸਨ ਤਾਂ ਸ਼ਾਇਦ ਕੋਈ ਠੋਸ ਕਦਮ ਚੁੱਕਿਆ ਜਾਵੇ। ਵੈਸੇ ਅੱਜ ਤੱਕ ਸੱਪ ਨਿਕਲਣ ਤੋਂ ਬਾਦ ਲੀਕ ਤੇ ਹੀ ਸੋਟੀਆਂ ਮਾਰੀਆਂ ਜਾਂਦੀਆਂ ਨੇ।
ਲੋਕ ਸਰਕਾਰ ਬਣਾਉਂਦੇ ਹਨ ਕਿ ਸਰਕਾਰੀ ਵਿਭਾਗਾਂ, ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਕਿਹਾ ਜਾਵੇ।ਪਰ ਸਰਕਾਰਾਂ ਦਾ ਲੋਕਾਂ ਵੱਲ ਕੋਈ ਧਿਆਨ ਨਹੀਂ ਅਤੇ ਵਿਭਾਗਾਂ ਦੇ ਅਫ਼ਸਰਾਂ ਅਤੇ ਅਧਿਕਾਰੀਆਂ ਨੇ ਵੀ ਦਿਲਚਸਪੀ ਕੰਮ ਵਿਚ ਲੈਣੀ ਤਕਰੀਬਨ ਬੰਦ ਹੀ ਕਰ ਦਿੱਤੀ।ਕੀ ਨੀਤੀਆਂ ਬਣਦੀਆਂ ਹਨ ਅਤੇ ਕਈ ਕਾਨੂੰਨ ਬਣਦੇ ਹਨ ਪਰ ਸਾਰੇ ਕੁਝ ਕਾਗਜ਼ਾਂ ਵਿੱਚ ਹੀ ਹੁੰਦਾ ਹੈ। ਹਾਂ,ਲੋਕ ਜੇਕਰ ਆਵਾਜ਼ ਵੀ ਚੁੱਕਦੇ ਹਨ ਤਾਂ ਸੁਣਦਾ ਕੋਈ ਨਹੀਂ।
ਸਕੂਲ ਦੀ ਵੈਨ ਨੂੰ ਅੱਗ ਲੱਗਣਾ ਅਤੇ ਉਸ ਵਿੱਚ ਬੱਚਿਆਂ ਦਾ ਸੜਨਾ ਸੱਭ ਕੁੱਝ ਬਿਆਨ ਕਰਦਾ ਹੈ।ਇਸ ਵਿੱਚ ਕਿਸੇ ਨੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਜੇਕਰ ਗੱਲ ਕਰੀਏ ਤਾਂ ਵੈਨ ਮਾਲਿਕ ਦੀ ਗਲਤੀ ਹੈ,ਸਕੂਲ ਮਾਲਕਾਂ ਦੀ ਗਲਤੀ ਹੈ,ਇਹ ਚੱਲ ਕਿਵੇਂ ਰਹੀ ਸੀ ਵਿਭਾਗ ਦੀ ਗਲਤੀ ਹੈ ਜਿਸਨੇ ਇਸਨੂੰ ਚੱਲਣ ਦਿੱਤਾ।ਹਰ ਇੱਕ ਦੀ ਕਿਸੇ ਨਾ ਕਿਸੇ ਕਦਮ ਤੇ ਗਲਤੀ ਹੈ।
ਇਥੇ ਸੱਭ ਤੋਂ ਜ਼ਿਆਦਾ ਅਫ਼ਸੋਸ ਤੇ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਕਿਸੇ ਵੀ ਗਲਤੀ ਤੋਂ ਕੋਈ ਸਬਕ ਨਹੀਂ ਸਿੱਖਦੇ।ਚਾਰ ਕੁਝ ਦਿਨ ਵਿਖਾਵਾ ਜਿਹਾ ਹੋਏਗਾ ਤੇ ਫੇਰ ਉਸੇ ਤਰ੍ਹਾਂ ਕੰਮ ਚੱਲਣਾ ਸ਼ੁਰੂ ਹੋ ਜਾਏਗਾ। ਜੇਕਰ ਹਰ ਕੋਈ ਇਹ ਸੋਚੇ ਕਿ ਇਸ ਵਿਗਾੜ ਰਹੇ ਸਿਸਟਮ ਦਾ ਅਸਰ ਮੇਰੇ ਬੱਚਿਆਂ ਅਤੇ ਪਰਿਵਾਰ ਤੇ ਵੀ ਪੈਣਾ ਹੈ ਤਾਂ ਕਿਧਰੇ ਕੁਝ ਸੁਧਾਰ ਹੋ ਸਕਦਾ ਹੈ।ਅਸਲ ਵਿੱਚ ਸਾਰਾ ਕੁਝ ਪੈਸੇ ਦੇ ਲੈਣ ਦੇਣ ਨਾਲ ਚੱਲ ਰਿਹਾ ਹੈ। ਰਿਸ਼ਵਤ ਅਤੇ ਭ੍ਰਿਸ਼ਟਾਚਾਰ ਨੇ ਜ਼ਿੰਦਗੀ ਦੀ ਕੀਮਤ ਹੀ ਨਹੀਂ ਰਹਿਣ ਦਿੱਤੀ। ਰਿਸ਼ਵਤ ਲੈਣ ਵਾਲੇ ਲੈਕੇ ਨਿਕਲ ਜਾਂਦੇ ਹਨ ਅਤੇ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਜੇਕਰ ਕਿਸੇ ਇੱਕ ਨੂੰ ਸਖ਼ਤ ਸਜ਼ਾ ਦਿੱਤੀ ਹੋਵੇ ਤਾਂ ਆਪੇ ਦੂਸਰੇ ਗਲਤੀ ਕਰਨ ਤੋਂ ਪਹਿਲਾਂ ਸੋਚਣ।
ਲੋਕਾਂ ਨੂੰ ਵੀ ਇਕੱਠੇ ਹੋਣਾ ਪਵੇਗਾ। ਸਾਡੀਆਂ ਸੱਭ ਦੀਆਂ ਸਮਸਿਆਵਾਂ ਤੇ ਦੁੱਖ ਤਕਲੀਫਾਂ ਇੱਕ ਤਰ੍ਹਾਂ ਦੀਆਂ ਹੀ ਹਨ। ਕਿਸੇ ਵੀ ਸਿਆਸੀ ਪਾਰਟੀ ਤੋਂ ਉਦੋਂ ਤੱਕ ਕੋਈ ਉਮੀਦ ਨਹੀਂ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ।ਗਲਤ ਕੰਮ ਦੇ ਨਤੀਜੇ ਕਦੇ ਵੀ ਚੰਗੇ ਨਹੀਂ ਨਿਕਲਦੇ।ਗਲਤ ਕੀਤੇ ਕੰਮ ਲੋਕਾਂ ਦੀਆਂ ਜ਼ਿੰਦਗੀਆਂ ਲੈਣ ਲੈਂਦੇ ਹਨ ਅਤੇ ਲੋਕਾਂ ਦੇ ਘਰ ਤਬਾਹ ਹੋ ਜਾਂਦੇ ਹਨ।ਹਰ ਕੋਈ ਟੈਕਸ ਦਿੰਦਾ ਹੈ ਅਤੇ ਉਸਦੀ ਜਾਨਮਾਲ ਦੀ ਰਾਖੀ ਕਰਨਾ ਸਰਕਾਰ ਦੀ ਜੁੰਮੇਵਾਰੀ ਹੈ। ਪਤਾ ਨਹੀਂ ਕਿੰਨੇ ਲੋਕਾਂ ਨੂੰ ਜ਼ਖ਼ਮ ਦੇਕੇ ਸਮਝ ਆਏਗੀ ਆਪਣੀ ਆਪਣੀ ਜ਼ਿੰਮੇਵਾਰੀ। ਕਿਸੇ ਦੇ ਘਰਦਾ ਚਿਰਾਗ ਨਾ ਬੁਝੇ, ਇਵੇਂ ਨਿੱਕੇ ਨਿੱਕੇ ਬੱਚਿਆਂ ਨਾਲ ਇਵੇਂ ਦਾ ਕੋਈ ਹਾਦਸਾ ਨਾ ਹੋਵੇ, ਸਰਕਾਰ ਨੂੰ ਇਸ ਲਈ ਸਖ਼ਤ ਕਦਮ ਚੁਕਣੇ ਚਾਹੀਦੇ ਹਨ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
 
Have something to say? Post your comment