Poem

ਗੀਤ/ਜਸਵੀਰ ਸ਼ਰਮਾਂ ਦੱਦਾਹੂਰ

February 22, 2020 07:58 PM
ਗੀਤ/ਜਸਵੀਰ ਸ਼ਰਮਾਂ ਦੱਦਾਹੂਰ
 
ਪਹਿਲਾਂ  ਵਾਲੀਕਹਾਣੀ ਮੁੱਕੀ ਦੋਸਤੋ, ਹੁਣ ਹੋਰ ਈ ਗੁੱਡੀਆਂ ਪਟੋਲੇ ਨੇ।
ਪਿਆਰ ਸਤਿਕਾਰ ਉੱਡੇ ਖੰਭ ਲਾ, ਸਾਰੇ ਮਾਇਆ ਦੇ ਹੀ ਗਾਉਂਦੇ ਹੁਣ ਸੋਹਲੇ ਨੇ।।
 
ਹੋਏ ਚਾਰ ਚਾਰ ਚੁੱਲ੍ਹੇ ਵਿੱਚ ਘਰਾਂ ਦੇ,
ਅੱਡੋ ਅੱਡੀ ਪੱਕਦੀਆਂ ਰੋਟੀਆਂ।
ਇੱਕ ਦੂਜੇ ਨਾਲ ਗੱਲ ਕੋਈ ਕਰੇ ਨਾ,
ਅੱਜਕਲ੍ਹ ਨੀਤਾਂ ਹੋਈਆਂ ਖੋਟੀਆਂ।।
ਮਨਾਂ ਵਿੱਚ ਵੰਡੀਆਂ ਵੀ ਪਾਲੀਆਂ,
ਘਰ ਵਾਲੇ ਭੇਤ ਬਾਹਰ ਖੋਲ੍ਹੇ ਨੇ,,,,,
ਪਿਆਰ ਸਤਿਕਾਰ,,,,,,
 
ਇੱਕੋ ਪੇਟ ਵਿਚੋਂ ਪੈਦਾ ਹੋਕੇ ਮਾਂ ਦਿਓਂ,
ਖੂਨ ਦੇ ਪਿਆਸੇ ਹੋਏ ਫਿਰਦੇ।
ਭੈਣਾਂ ਭਾਈਆਂ ਵਿੱਚ ਵਿਤਕਰਾ ਪੈ ਗਿਆ,
ਜਾਨੀ ਦੁਸ਼ਮਣ ਹੋਣ ਜਿਵੇਂ ਚਿਰ ਦੇ।।
ਮਾਪੇ ਰੋਂਦੇ ਵੇਖੇ ਅੱਖਾਂ ਚ ਘਸੁੰਨ ਦੇ,
ਚਾਅ ਓਨਾਂ ਦੇ ਤਾਂ ਮਿੱਟੀ ਵਿੱਚ ਰੋਲੇ ਨੇ,,,,,,
ਪਿਆਰ ਸਤਿਕਾਰ,,,,,
 
ਇੱਕ ਇੱਕ ਸਿਆੜ ਪਿੱਛੇ ਦੋਸਤੋ,
ਇਥੇ ਭਾਈ ਨੂੰ ਭਾਈ ਹੈ ਵੇਖੋ ਮਾਰਦਾ।
ਜੜ੍ਹਾਂ ਆਪਣੀਆਂ ਆਪੇ ਵੇਖੇ ਵੱਢਦੇ,
ਹਾਲ ਵੇਖਿਆ ਇਹ ਅੱਖੀਂ ਸੰਸਾਰ ਦਾ।।
ਚਾਅ ਛੋਟੇ ਛੋਟੇ ਬੱਚਿਆਂ ਦੇ ਪਾਪੀਆਂ,
ਆਪਣੇ ਹੀ ਹੱਥਾਂ ਨਾ ਮਧੋਲੇ ਨੇ,,,,
ਪਿਆਰ ਸਤਿਕਾਰ,,,,
 
ਘਰਾਂ ਵਿੱਚ ਕੰਧਾਂ ਕੱਢ ਕੱਢ ਕੇ,
ਰਹਿਣ ਲਈ ਰਹਿਗੇ ਥੋੜ੍ਹੇ ਥਾਂ ਜੀ।
ਛੇ ਛੇ ਮਹੀਨੇ ਪਾਕੇ ਵੰਡੀਆਂ,
ਰੱਖਦੇ ਨੇ ਪਿਓ ਅਤੇ ਮਾਂ ਜੀ।।
ਕੲੀ ਨਾਬਰ ਨੇ ਘਰਾਂ ਵਿੱਚ ਰੱਖਣੋਂ,
ਬਿਰਧ ਆਸ਼ਰਮ ਥਾਂ ਥਾਂ ਤੇ ਖੋਲ੍ਹੇ ਨੇ,,
ਪਿਆਰ ਸਤਿਕਾਰ,,,,,
 
ਐਸੇ ਝੱਖੜ ਝੋਲੇ ਜੋ ਵਗੇ ਜੱਗ ਤੇ,
ਦਾਤਾ ਪਾ ਦਿਓ ਆਪੇ ਤੁਸੀਂ ਠੱਲ੍ਹ ਜੀ।
ਦੱਦਾਹੂਰੀਏ ਦੀ ਹੱਥ ਬੰਨ੍ਹ ਬੇਨਤੀ,
ਨਾ ਹੋਰ ਦੁਨੀਆਂ ਚ ਮੱਚੇ ਤਰਥੱਲ ਜੀ।।
ਹੋਵੇ ਸਹਿਮਤ ਜਾਂ ਨਾ ਕੋਈ ਦਾਤਿਆ,
ਮੈਂ ਤਾਂ ਦਿਲ ਵਾਲੇ ਦੁੱਖੜੇ ਫਰੋਲੇ ਨੇ,,,
ਪਿਆਰ ਸਤਿਕਾਰ,,,
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556
Have something to say? Post your comment