Article

ਪੰਜਾਬੀ ਮਿੰਨੀ ਕਹਾਣੀ ਦਾ ਡਾਕਟਰ :ਡਾ. ਹਰਪ੍ਰੀਤ ਸਿੰਘ ਰਾਣਾ ਕਹਾਣੀਕਾਰ/ਇੰਜੀ.ਸਤਨਾਮ ਸਿੰਘ ਮੱਟੂ

February 24, 2020 09:36 AM
ਇੰਜੀ. ਸਤਨਾਮ ਸਿੰਘ ਮੱਟੂ
ਪੰਜਾਬੀ ਮਿੰਨੀ ਕਹਾਣੀ ਦਾ ਡਾਕਟਰ :ਡਾ. ਹਰਪ੍ਰੀਤ ਸਿੰਘ ਰਾਣਾ ਕਹਾਣੀਕਾਰ/ਇੰਜੀ.ਸਤਨਾਮ ਸਿੰਘ ਮੱਟੂ
 
 ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸਦੀ ਵਿੱਦਿਅਕ ਸਰਜ਼ਮੀਨ ਨੇ ਸਿਰਕੱਢਵੇਂ ਸਾਹਿਤਕਾਰ ਪੈਦਾ ਕੀਤੇ ਹਨ ਇਹਨਾਂ ਚੋਂ ਡਾ.ਦਰਸ਼ਨ ਸਿੰਘ ਆਸ਼ਟ,ਡਾ.ਰਾਜਵੰਤ ਕੌਰ ਪੰਜਾਬੀ, ਗਾਇਕ ਪੰਮੀ ਬਾਈ,ਗਾਇਕ ਜੱਸੀ ਜਸਪਾਲ, ਅਦਾਕਾਰ ਰਣਬੀਰ ਰਾਣਾ, ਅਦਾਕਾਰ ਬੀਨੂੰ ਢਿੱਲੋਂ, ਸੁਨੀਤਾ ਧੀਰ,ਗੀਤਕਾਰ ਗਿੱਲ ਸੁਰਜੀਤ, ਸੰਗੀਤਕਾਰ ਹਰਜੀਤ ਗੁੱਡੂ ਡਾ.ਗੁਰਨੈਬ ਸਿੰਘ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਆਦਿ ਸ਼ਖਸ਼ੀਅਤਾਂ ਦੇ ਨਾਮ ਪ੍ਰਮੁੱਖ ਹਨ। ਇਹਨਾਂ ਹੀ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਿਰਮੌਰ ਸਾਹਿਤਕਾਰਾਂ ਚ ਪੰਜਾਬੀ ਮਿੰਨੀ ਕਹਾਣੀ ਦੇ ਲੇਖਕ ਡਾ.ਹਰਪ੍ਰੀਤ ਸਿੰਘ ਰਾਣਾ ਦਾ ਨਾਮ ਵੀ ਉਪਰਲੀਆਂ ਸਫ਼ਾ ਚ ਬੋਲਦਾ ਹੈ।
15ਅਪ੍ਰੈਲ 1973 ਨੂੰ ਜਨਮੇ ਅਤੇ ਆਪਣੀ ਜ਼ਿੰਦਗੀ ਦੇ ਚਾਰ ਦਹਾਕਿਆਂ ਦੀਆਂ ਹੁਸੀਨ ਬਸੰਤ ਬਹਾਰਾਂ ਅਤੇ ਅਣਚਾਹੀਆਂ ਪੱਤਝੜਾਂ ਦਾ ਆਨੰਦ ਮਾਣ ਚੁੱਕੇ ਡਾ. ਹਰਪ੍ਰੀਤ ਸਿੰਘ ਰਾਣਾ ਨੇ ਪਿਤਾ ਸ੍ਰ.ਕਰਤਾਰ ਸਿੰਘ ਅਤੇ ਮਾਤਾ ਸਰਦਾਰਨੀ ਮਾਨ ਕੌਰ ਅਧਿਆਪਿਕਾ ਦੇ ਵਿਹੜੇ ਪਟਿਆਲਾ ਵਿਖੇ ਖੁਸ਼ੀਆਂ ਬਿਖੇਰੀਆਂ। ਦਸਵੀਂ ਗੋਰਮਿੰਟ ਸਾਂਝਾ ਹਾਈ ਪਟਿਆਲਾ ਅਤੇ ਪੰਜਾਬੀ ਚ ਐਮ.ਏ. ਪੰਜਾਬੀ  ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ। ਸਿੱਖਿਆ ਵਿਭਾਗ ਚ ਵਿੱਦਿਆ ਦਾ ਚਾਨਣ ਵੰਡਦੇ ਡਾ.ਰਾਣਾ ਨੂੰ ਬਚਪਨ ਤੋਂ ਹੀ ਸਾਹਿਤ ਪੜਨ ਕਰਕੇ ਸਾਹਤਿਕ ਰੁਚੀ ਉਤਪੰਨ ਹੋ ਗਈ ਸੀ। ਦਰਮਿਆਨੇ ਪੜਾਕੂ ਅਤੇ ਸੂਹੀ ਸੋਚ ਦੇ ਧਾਰਨੀ ਡਾ.ਰਾਣਾ ਬਾਬਤ ਪਰਿਵਾਰ ਚੋਂ ਕਿਸੇ ਨੂੰ ਕੋਈ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਸਾਹਿਤ ਦੀ ਵਿਧਾ ਮਿੰਨੀ ਕਹਾਣੀ ਚ ਪੀ.ਐਚ.ਡੀ. ਕਰਕੇ ਸਾਹਿਤਕ ਖੇਤਰ ਚ ਨਾਮਣਾ ਖੱਟੇਗਾ।ਇੱਕ ਮਿਲਣੀ ਚ ਡਾ.ਰਾਣਾ ਨੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਬਾਬਤ ਚਾਨਣਾ ਪਾਉਂਦਿਆਂ ਖੁਲਾਸਾ ਕੀਤਾ ਕਿ ਉਹ ਸਕੂਲ ਦੇ ਭਾਸ਼ਣ ਮੁਕਾਬਲਿਆਂ ਚ ਸ਼ਿਰਕਤ ਕਰਦਿਆਂ ਸਾਹਿਤ ਵੱਲ੍ਹ ਆਕਰਸ਼ਿਤ ਹੋ ਗਿਆ।ਸਕੂਲ ਦੇ ਮੈਗਜ਼ੀਨ ਚ ਉਸਦੀ ਲਿਖੀ ਰਚਨਾ "ਨਕਲ ਦੀ ਬਿਮਾਰੀ" ਛਪੀ, ਜਿਸਤੋਂ ਉਸਨੂੰ ਬਹੁਤ ਉਤਸ਼ਾਹਿਤ ਹੁੰਗਾਰਾ ਮਿਲਿਆ। ਸੋਹਣ ਸਿੰਘ ਸੀਤਲ ਦੇ ਨਾਵਲ ਤੂਤਾਂ ਵਾਲਾ ਖੂਹ ਤੋਂ ਪ੍ਰਭਾਵਿਤ ਹੋ ਕੇ ਆਪਣੇ ਨਾਵਲ "ਮਿਲਨ" ਦੇ ਕੁਝ ਕਾਂਡ ਰਾਹੀਂ ਆਪਣੇ ਦਿਲ ਅੰਦਰਲੇ ਸਾਹਿਤਕ ਇਸ਼ਕ ਨੂੰ ਸਿਰਜਣ ਦੀ ਕੋਸ਼ਿਸ਼ ਕੀਤੀ,ਪਰ ਕੁਝ ਸਮੇਂ ਦੀਆਂ ਪਾਬੰਦੀਆਂ ਅਤੇ ਪੜ੍ਹਾਈ ਦੇ ਬੋਝ ਨੇ ਅਸਫ਼ਲਤਾ ਨਹੀਂ ਮਜਬੂਰੀਆਂ ਲਿਆ ਸਾਹਮਣੇ ਖੜੀਆਂ ਕਰ ਦਿੱਤੀਆਂ।ਪਰ ਕਹਾਣੀਆਂ ਲਿਖਣਾ ਮੁਸੱਲਸਲ ਜਾਰੀ ਰਿਹਾ। ਬਾਰਵੀਂ ਕਰਦਿਆਂ ਉਸਦੀ ਪਹਿਲੀ ਮਿੰਨੀ ਕਹਾਣੀ "ਟਿਊਸ਼ਨ" ਛਪੀ ਜਦੋਂ ਖੂਬ ਸਲਾਹੀ ਗਈ,ਪਰ ਸਾਹਿਤ ਦਾ ਵਿੱਦਿਆਰਥੀ ਪੰਜਾਬੀ ਲਿਟਰੇਚਰ ਦੇ ਵਿਸ਼ੇ ਚੋਂ ਅਸਫਲ ਹੋਗਿਆ।ਇਸ ਸਮੇਂ ਇਤਿਹਾਸ ਦੇ ਲੈਕਚਰਾਰ ਅਤੇ ਮਿੰਨੀ ਕਹਾਣੀ ਲੇਖਕ ਜਗਦੀਸ਼ ਅਰਮਾਨੀ ਨੇ ਹੌਸਲਾ ਦਿੱਤਾ ਅਤੇ ਪੜਾਈ ਦੇ ਨਾਲੋਂ ਨਾਲ ਕਹਾਣੀਆਂ ਲਿਖਣ ਦੀ ਕੋਸ਼ਿਸ਼ ਨੂੰ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ 1991ਚ ਅੱਵਲ ਸਰਹੱਦੀ ਦੀ ਸੰਪਾਦਨਾਂ ਮੈਗਜ਼ੀਨ ' ਖੁਸ਼ਬੋਆਂ' ਚ ਛਪੀ ਕਹਾਣੀ 'ਅਨੋਖੀ ਮਠਿਆਈ' ਨੇ ਸਾਹਿਤਕ ਸਿਰਜਣਾ ਚ ਪਕਿਆਈ ਦਾ ਅਹਿਸਾਸ ਕਰਾਇਆ ।ਇਸੇ ਦੌਰਾਨ ਉਹਨਾਂ ਦਾ ਰਿਸ਼ਤਾ ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਜੁੜ ਗਿਆ, 1991 ਚ ਉਹਨਾਂ ਦੋ ਕਹਾਣੀਆਂ 'ਅਨੋਖੀ ਮਠਿਆਈ' ਅਤੇ 'ਦੁਸ਼ਮਣ ਕੌਣ' ਪੜੀਆਂ, ਹਾਜ਼ਰੀਨ ਸਾਹਿਤਕਾਰਾਂ ਨੇ ਬਹੁਤ ਹੌਸਲਾ ਅਫਜ਼ਾਈ ਕੀਤੀ। ਪ੍ਰਧਾਨਗੀ ਮੰਡਲ ਚੋਂ ਹਰਵੀਰ ਸਿੰਘ ਭੰਵਰ ਪੰਜਾਬੀ ਟ੍ਰਿਬਿਊਨ ਨੇ ਡਾ.ਰਾਣਾ ਦੀਆਂ ਕਹਾਣੀਆਂ ਦੀ ਸਰਾਹਣਾ ਕਰਕੇ ਇਸੇ ਖੇਤਰ ਚ ਡਟ ਜਾਣ ਲਈ ਪ੍ਰੇਰਿਆ। ਉਹ ਮੌਜੂਦਾ ਸਮੇਂ ਪੰਜਾਬੀ ਸਾਹਿਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਮੰਚ ਦੇ ਪ੍ਰਧਾਨ ਹਨ। ਉਹਨਾਂ 2001ਤੋਂ ਆਪਣੀ ਮਾਤਾ ਜੀ ਦੀ ਯਾਦ ਚ ਮਿੰਨੀ ਕਹਾਣੀ ਦੇ ਖੇਤਰ ਚ ਨਾਮਣਾ ਖੱਟਣ  ਵਾਲੇ ਸਾਹਿਤਕਾਰ ਨੂੰ 'ਸਰਦਾਰਨੀ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ ਕਰਨ ਦੀ ਪਿਰਤ ਬਰਕਰਾਰ ਰੱਖੀ ਹੋਈ ਹੈ,ਜੋ ਹਰ ਸਾਲ ਪੰਜਾਬੀ ਸਾਹਿਤ ਸਭਾ ਦੇ ਸਮਾਰੋਹ ਚ ਪ੍ਰਦਾਨ ਕੀਤਾ ਜਾਂਦਾ ਹੈ। ਸਾਹਿਤਕ ਦੇ ਖੇਤਰ ਵਿੱਚ ਉਹਨਾਂ ਦੀ ਸਖ਼ਤ ਘਾਲਣਾ ਹੈ,ਉਹ ਬੁਲੰਦ ਹੌਸਲੇ, ਦ੍ਰਿੜ੍ਹ ਇਰਾਦੇ ਅਤੇ ਸੰਕਲਪ ਨਾਲ ਸਾਬਤ ਕਦਮੀਂ ਚੜਦੀ ਕਲਾ ਨਾਲ ਯਤਨਸ਼ੀਲਤਾ ਚ ਮੋਹਰੀ ਹਨ। ਉਹਨਾਂ ਦੀ ਕਲਮ ਤੋਂ ਉੱਕਰੀਆਂ ਰਚਨਾਵਾਂ ਪੰਜਾਬੀ ਦੇ ਵੱਖ-ਵੱਖ ਅਖ਼ਬਾਰਾਂ ਨਵਾਂ ਜ਼ਮਾਨਾ, ਰਣਜੀਤ, ਚੜਦੀ ਕਲਾ, ਆਕਾਲੀ ਪੱਤ੍ਰਿਕਾ ਤੋਂ ਇਲਾਵਾ ਮਹਿਰਮ ਆਦਿ ਮੈਗ਼ਜ਼ੀਨਾਂ ਚ ਛਪਦੀਆਂ ਰਹੀਆਂ ਹਨ। ਉਹਨਾਂ 2018 ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ.ਇੰਦਰਵੀਰ ਸਿੰਘ ਚੀਮਾ ਦੇ ਰਹਿਨੁਮਾਈ ਹੇਠ 'ਪੰਜਾਬੀ ਮਿੰਨੀ ਕਹਾਣੀ: ਇਤਿਹਾਸ ਅਤੇ ਵਿਧਾਗਤ ਸਰੂਪ' ਵਿਸ਼ੇ ਅਧੀਨ ਪੀ ਐਚ ਡੀ ਕੀਤੀ ਹੈ,ਜੋ ਇੱਕ ਨਿਵੇਕਲਾ ਅਤੇ ਮਹਾਨ ਕਾਰਜ ਹੈ। ਉਹਨਾਂ ਨੂੰ ਪੀ ਐਚ ਡੀ ਦੌਰਾਨ ਆਈਆਂ ਔਕੜਾਂ ਨੇ ਇੱਕ ਦ੍ਰਿੜ੍ਹ ਅਤੇ ਮਜ਼ਬੂਤ ਇਰਾਦੇ ਵਾਲਾ ਸਾਹਿਤਕਾਰ ਬਣਕੇ ਉਭਰਨ ਲਈ ਉਤਸ਼ਾਹਿਤ ਕੀਤਾ ਹੈ। ਉਹਨਾਂ  ਦਾ ਜ਼ਿਆਦਾ ਰੁਝਾਨ ਮਿੰਨੀ ਕਹਾਣੀਆਂ ਵੱਲ ਹੋਣ ਕਰਕੇ ਉਹਨਾਂ 1993 ਤੋਂ 2000 ਤੱਕ ਮਿੰਨੀ ਕਹਾਣੀ ਮੁਕਾਬਲੇ ਵੀ ਕਰਵਾਏ ਹਨ,ਜਿਸ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਕੇਨੇਡਾ ਤੋਂ ਵੀ ਰਚਨਾਵਾਂ ਸ਼ਾਮਿਲ ਹੁੰਦੀਆਂ ਸਨ। ਉਹਨਾਂ ਆਪਣੀ ਸੰਪਾਦਨਾਂ ਹੇਠ ਮੁਕਾਬਲੇ ਦੀਆਂ ਸਾਰੀਆਂ ਰਚਨਾਵਾਂ ਨੂੰ 'ਮਾਰੂਥਲ ਦੇ ਰਾਹੀ' ਨਾਮਕ ਪੁਸਤਕਾਂ ਰਾਹੀਂ ਸਾਂਭਣ ਦਾ ਸ਼ਲਾਘਾਯੋਗ ਕਾਰਜ ਵੀ ਕੀਤਾ ਹੈ।ਡਾ. ਰਾਣਾ ਇਸ ਪਦਾਰਥਵਾਦੀ ਯੁੱਗ ਚ ਵੀ ਲਾਲਚਮੁਕਤ ਸਾਹਿਤਕ ਸੇਵਾ ਲਈ ਤਤਪਰ ਹਨ। ਉਹਨਾਂ ਦੇ ਸਾਹਿਤਕ ਕਾਰਜ ਵਿਚ ਖੁਸ਼ਬੂ, ਗ਼ੁੰਚਾ,ਮਿੰਨੀ ਕਹਾਣੀ,ਛਿਣ ਆਦਿ ਵਰਗੇ ਮੈਗ਼ਜ਼ੀਨਾਂ ਦੀ ਸੰਪਾਦਨਾ ਜ਼ਿਕਰਯੋਗ ਹਨ। ਉਹਨਾਂ ਨੇ 'ਚੌਥਾ ਮਹਾਂਯੁੱਧ' ਅਤੇ 'ਤਤਕਾਲ' ਨਾਮੀ ਮੌਲਿਕ ਮਿੰਨੀ ਕਹਾਣੀ ਪੁਸਤਕ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ।'ਇੱਕ ਕਾਫ਼ਲਾ ਹੋਰ' , 'ਪੰਜਾਬੀ ਮਿੰਨੀ ਕਹਾਣੀ ਇਕ ਅਧਿਐਨ 1993' , 'ਨਾਨਕ ਸਿੰਘ :ਇੱਕ ਪੁਨਰ ਮੁਲਾਂਕਣ-1996' , 'ਕਲਮ ਕਾਫ਼ਲਾ-2013','ਕਲਮ ਸ਼ਕਤੀ-2018' ਅਤੇ 'ਮੰਜਿਲ ਕੀ ਔਰ' ਹਿੰਦੀ ਕਾਵਿ ਸੰਗ੍ਰਹਿ ਵਿੱਚ ਉਹਨਾਂ ਸ਼ਹਿ ਸੰਪਾਦਕ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ।ਉਹ ਔਂਕੜਾਂ, ਮੁਸ਼ਕਿਲਾਂ,ਸਿਹਤ, ਆਰਥਿਕ ਪ੍ਰਸਥਿਤੀਆਂ ਦੀ ਬਗੈਰ ਪ੍ਰਵਾਹ ਕੀਤਿਆਂ ਸਾਹਿਤ ਦੇ ਖੇਤਰ ਨਿਰੰਤਰ ਯਤਨਸ਼ੀਲ ਹੀ ਨਹੀਂ, ਕਾਰਜਸ਼ੀਲ ਹਨ। ਉਹਨਾਂ ਦੀਆਂ ਕਹਾਣੀਆਂ ਦੇ ਵਿਸ਼ੇ ਸਮਾਜਿਕ, ਪਰਿਵਾਰਕ, ਧਾਰਮਿਕ, ਰਾਜਨੀਤਕ, ਰਿਸ਼ਤੇ , ਕੰਮਾਂ ਆਦਿ ਤੇ ਆਧਾਰਿਤ ਅਤੇ ਸਿੱਖਿਆਦਾਇਕ ਹੁੰਦੇ ਹਨ।ਉਸਦਾ ਕਹਿਣਾ ਹੈ ਕਿ ਲੇਖਕ ਨੂੰ ਲਿਖਣ ਲਈ ਸਾਹਿਤ ਪੜ੍ਹਨਾਂ ਅਤਿ ਜ਼ਰੂਰੀ ਹੈ। ਉਹਨਾਂ ਦਾ ਮੰਨਣਾ ਹੈ ਕਿ ਵੱਡਿਆਂ ਵੱਲੋਂ ਕਹੀਆਂ ਗਈਆਂ ਕੁਝ ਗੱਲਾਂ ਸਾਨੂੰ ਮੌਕੇ ਤੇ ਚੁਭਦੀਆਂ ਹਨ,ਪਰ ਵਕਤ ਪੈਣ ਤੇ ਉਹ ਚੰਗੀਆਂ ਲੱਗਦੀਆਂ ਹਨ।ਲੇਖਕ ਦੀਆਂ ਰਚਨਾਵਾਂ ਦਾ ਮੁੱਲ ਜ਼ਰੂਰ ਪੈਂਦਾ ਹੈ, ਬਸ਼ਰਤੇ ਉਸਦੀਆਂ ਮੌਲਿਕ ਰਚਨਾਵਾਂ ਹੋਣ।ਸਾਡੀ ਇਹੋ ਦੁਆ ਹੈ ਕਿ ਡਾ.ਹਰਪ੍ਰੀਤ ਸਿੰਘ ਰਾਣਾ ਦੀ ਕਲਮ ਅੱਲੜ੍ਹ ਦਰਿਆ ਦੇ ਵਹਿਣ ਵਾਂਗ ਨਿਰੰਤਰ ਜਾਰੀ ਰਹੇ  ਅਤੇ ਸਾਹਿਤ ਦੀ ਅਮੀਰੀ ਚ ਯੋਗਦਾਨ ਪਾਉਂਦੀ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੀ ਸੇਵਾ ਕਰਦੀ ਰਹੇ।
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ,ਸੰਗਰੂਰ।
9779708257 
1.ਇੰਜੀ.ਸਤਨਾਮ ਸਿੰਘ ਮੱਟੂ
2.ਡਾ. ਹਰਪ੍ਰੀਤ ਸਿੰਘ ਰਾਣਾ ਕਹਾਣੀਕਾਰ 
Have something to say? Post your comment

More Article News

ਇੰਟਰਨੈਸ਼ਨਲ ਪੰਥਕ ਢਾਡੀ ਜਥਾ/ਤਸਵਿੰਦਰ ਸਿੰਘ ਬੜੈਚ ਕਰੋਨਾ ਤੋਂ ਬਚਣਾ ਹੈ ਤਾਂ ਸਮਝੋ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ "ਲਾਕ-ਡਾਊਨ ਦੀ ਉਲੰਘਣਾ ਕਰਨ ਤੇ ਵੱਖ ਵੱਖ ਦੇਸ਼ਾਂ ਚ' ਵਿਭਿੰਨ ਸਜ਼ਾਵਾਂ ਅਤੇ ਜੁਰਮਾਨੇ ! "/ਮੁਹੰਮਦ ਅੱਬਾਸ ਧਾਲੀਵਾਲ ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ
-
-
-