Poem

ਜੋ ਮਾਂ-ਪਿਉ ਦੀ ਦੌਲਤ ਤੇ / ਮਹਿੰਦਰ ਸਿੰਘ ਮਾਨ

February 25, 2020 03:50 PM

ਜੋ ਮਾਂ-ਪਿਉ ਦੀ ਦੌਲਤ ਤੇ /    ਮਹਿੰਦਰ ਸਿੰਘ ਮਾਨ     

ਜੋ ਮਾਂ-ਪਿਉ ਦੀ ਦੌਲਤ ਤੇ ਸਮਝਣ ਆਪਣਾ ਹੱਕ,

ਉਹ ਉਨ੍ਹਾਂ ਨੂੰ ਆਪਣੇ ਨਾ' ਰੱਖ ਕੇ ਕਿਉਂ ਜਾਵਣ ਅੱਕ?
ਆਪਣਾ ਕੰਮ ਉਨ੍ਹਾਂ ਨੇ ਸਮੇਂ ਸਿਰ ਕੀ ਕਰਨਾ ਖਤਮ,
ਜੋ ਥੋੜ੍ਹਾ ਜਿਹਾ ਕੰਮ ਕਰਕੇ ਹੀ ਜਾਂਦੇ ਨੇ ਥੱਕ।
ਉਹ ਆਪਣੇ ਜੀਵਨ ਵਿੱਚ ਕਦੇ ਖੁਸ਼ ਨਹੀਂ ਰਹਿ ਸਕਦੇ,
ਜਿਹੜੇ ਪਤੀ-ਪਤਨੀ ਕਰਦੇ ਇਕ ਦੂਜੇ ਤੇ ਸ਼ੱਕ।
ਉਹ ਮੀਂਹ ਤੋਂ ਡਰਦਾ ਹਰ ਵੇਲੇ ਰਹੇ ਰੱਬ ਰੱਬ ਕਰਦਾ,
ਜਦ ਖੇਤਾਂ ਵਿੱਚ ਕਿਰਸਾਨ ਦੀ ਫਸਲ ਹੈ ਜਾਂਦੀ ਪੱਕ।
ਪੁੱਤਾਂ ਤੇ ਧੀਆਂ ਦੇ ਵਿਆਹ ਕਰਨ ਲਈ ਕਰਜ਼ੇ ਲੈ ਕੇ,
ਮੂਰਖ ਲੋਕੀਂ ਆਪਣਾ ਰੱਖਦੇ ਨੇ ਯਾਰੋ ਨੱਕ।
ਚਾਦਰ ਦੇਖ ਕੇ ਪੈਰ ਪਸਾਰੋ, ਜੇ ਖੁਸ਼ ਹੈ ਰਹਿਣਾ,
ਆੜ੍ਹਤੀਆਂ ਤੋਂ ਪੈਸੇ ਲੈ ਕੇ ਨਾ ਲਹਾਓ ਸੱਕ।
ਸੱਸੇ ਅਕਲ ਤੋਂ ਕੰਮ ਲੈ,ਨਹੀਂ ਤਾਂ ਪਛਤਾਣਾ ਪੈਣਾ,
ਤੇਰੇ ਤਾਹਣੇ ਸੁਣ ਕੇ ਕਿਤੇ ਨੂੰਹ ਨਾ ਜਾਵੇ ਅੱਕ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)੯੯੧੫੮੦੩੫੫੪

Have something to say? Post your comment